ਫ਼ਰੀਦਕੋਟ 26 ਮਈ(ਵਿਪਨ ਮਿੱਤਲ):-ਫਰੀਦਕੋਟ ਦੇ ਨਹਿਰੂ ਸ਼ੋਪਿੰਗ ਸੈਂਟਰ ਅਤੇ ਤਲਵੰਡੀ ਚੌਂਕ ਦੀਆਂ 4 ਦੁਕਾਨਾਂ ਵਿੱਚ ਸ਼ਟਰ ਭੰਨ ਕੇ ਲੱਖਾਂ ਰੁਪਏ ਦਾ ਸਮਾਨ ਅਤੇ ਨਗਦੀ ਚੋਰੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਵਾਰਦਾਤ ਨੂੰ ਕਾਰ ਸਵਾਰਾਂ ਵੱਲੋਂ ਅੰਜ਼ਾਮ ਦਿੱਤਾ ਗਿਆ ਅਤੇ ਉਨ੍ਹਾਂ ਦੀਆਂ ਤਸਵੀਰਾਂ CCTV ਕੈਮਰੇ ਵਿੱਚ ਵੀ ਕੈਦ ਹੋਈਆਂ ਹਨ।ਮਾਮਲੇ ਦੀ ਸੂਚਨਾ ਮਿਲਣ ਤੋਂ ਬਾਅਦ ਥਾਣਾ ਸਿਟੀ ਪੁਲਿਸ ਵੱਲੋਂ ਪੜਤਾਲ ਕੀਤੀ ਜਾ ਰਹੀ ਹੈ ਅਤੇ CCTV ਫੁਟੇਜ ਦੇ ਅਧਾਰ ਤੇ ਮੁਲਜ਼ਮਾਂ ਦੀ ਸ਼ਨਾਖਤ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਇਹ ਘਟਨਾ ਥਾਨਾ ਸਿਟੀ ਤੋਂ ਮਹਿਜ 100 ਮੀਟਰ ਦੂਰੀ ਤੇ ਵਾਪਰੀ ਹੈ, ਜਿਸ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਦੇ ਚੋਕਸ ਰਹਿਣ ਦੇ ਦਾਅਵੇਆਂ ਦੀ ਪੋਲ ਖੁੱਲ੍ਹਦੀ ਨਜ਼ਰ ਆ ਰਹੀ ਹੈ।ਜਾਣਕਾਰੀ ਦੇ ਅਨੁਸਾਰ, ਲੰਘੀ ਰਾਤ ਕਾਰ ਵਿੱਚ ਸਵਾਰ ਹੋ ਕੇ ਆਏ ਤਿੰਨ ਤੋਂ ਚਾਰ ਵਿਅਕਤੀਆਂ ਵਲੋਂ ਇੰਨ੍ਹਾਂ ਵਾਰਦਾਤਾਂ ਨੂੰ ਅੰਜ਼ਾਮ ਦਿੱਤਾ ਗਿਆ। ਉਨਾਂ ਵੱਲੋਂ ਨਹਿਰੂ ਸ਼ਾਪਿੰਗ ਸੈਂਟਰ ਅਤੇ ਤਲਵੰਡੀ ਚੌਂਕ ਨੇੜੇ ਕੁੱਲ ਚਾਰ ਦੁਕਾਨਾਂ ਨੂੰ ਨਿਸ਼ਾਨਾ ਬਣਾਇਆ ਗਿਆ ਅਤੇ ਇਹਨਾਂ ਦੁਕਾਨਾਂ ਵਿੱਚੋਂ ਗੱਲੇ ਵਿੱਚ ਪਈ ਨਗਦੀ ਅਤੇ ਹੋਰ ਸਮਾਨ ਚੋਰੀ ਕੀਤਾ ਗਿਆ। ਅੱਜ ਸਵੇਰੇ ਸੈਰ ਕਰਨ ਵਾਲੇ ਲੋਕਾਂ ਨੂੰ ਸ਼ਟਰ ਟੂਟੇ ਵੇਖ ਦੁਕਾਨਦਾਰਾਂ ਨੂੰ ਸੂਚਿਤ ਕੀਤਾ, ਜਿਸ ਤੋਂ ਬਾਅਦ ਉਹ ਮੌਕੇ ‘ਤੇ ਪੁੱਜੇ ਅਤੇ ਜਦੋਂ ਉਨ੍ਹਾਂ ਨੇ ਸਮਾਨ ਚੈੱਕ ਕੀਤਾ ਤਾਂ ਵੇਖਿਆ ਕਿ ਉਨ੍ਹਾਂ ਦੀ ਦੁਕਾਨਾਂ ਦੇ ਗਲਿਆਂ ਵਿੱਚ ਪਈ ਨਗਦੀ ਅਤੇ ਹੋਰ ਸਮਾਨ ਗਾਇਬ ਸੀ।ਦੱਸਣਯੋਗ ਹੈ ਕਿ ਨਹਿਰੂ ਸ਼ੋਪਿੰਗ ਸੈਂਟਰ ਅਤੇ ਤਲਵੰਡੀ ਚੌਕ, ਥਾਣਾ ਸਿਟੀ ਤੋਂ ਮਹਿਜ 100 ਮੀਟਰ ਦੀ ਦੂਰੀ ਤੇ ਹੈ। ਇਹੋ ਜਿਹੇ ਹਾਲਾਤਾਂ ਵਿੱਚ ਪੁਲਿਸ ਪ੍ਰਸ਼ਾਸਨ ਤੇ ਵੀ ਵੱਡੇ ਸਵਾਲ ਖੜ੍ਹੇ ਕੀਤੇ ਜਾ ਰਹੇ ਹਨ। ਇਸ ਮੌਕੇ ‘ਤੇ ਗੱਲਬਾਤ ਕਰਦੇ ਹੋਏ ਦੁਕਾਨਦਾਰਾਂ ਨੇ ਦੱਸਿਆ ਕਿ ਉਨ੍ਹਾਂ ਦਾ ਕਾਫ਼ੀ ਨੁਕਸਾਨ ਹੋਇਆ ਹੈ। ਰਾਤ ਦੇ ਸਮੇਂ ਆਏ ਮੁਲਜ਼ਮਾਂ ਨੇ ਦੁਕਾਨਾਂ ਦੇ ਸ਼ਟਰ ਭੰਨੇ ਅਤੇ ਸਮਾਨ ਸਮੇਤ ਨਗਦੀ ਲੈਕੇ ਫਰਾਰ ਹੋ ਗਏ। ਉਨਾਂ ਪੁਲਿਸ ਪ੍ਰਸ਼ਾਸਨ ਤੋਂ ਮੁਲਜਮਾਂ ਨੂੰ ਜਲਦ ਤੋਂ ਜਲਦ ਗ੍ਰਿਫ਼ਤਾਰ ਕਰਨ ਦੀ ਮੰਗ ਰੱਖੀ।