ਪੰਜਾਬ ਰੋਡਵੇਜ ਪਨਬੱਸ/ ਪੀ.ਆਰ. ਟੀ.ਸੀ ਦੇ ਕੰਟਰੈਕਟ ਕਾਮਿਆਂ ਨੇ 12 ਅਤੇ 13 ਮਾਰਚ ਨੂੰ ਚੱਕਾ ਜਾਮ ਕਰਨ ਦਾ ਐਲਾਨ ਕਰ ਦਿਤਾ ਹੈ। ਅੱਜ ਤੇ ਭਲਕੇ ਪੰਜਾਬ ਵਿਚ ਸਰਕਾਰੀ ਬੱਸਾਂ ਨਹੀਂ ਚੱਲਣਗੀਆਂ। ਯੂਨੀਅਨ ਦੀ ਸੂਬਾ ਪਧਰੀ ਮੀਟਿੰਗ ਪ੍ਰਧਾਨ ਰੇਸ਼ਮ ਸਿੰਘ ਗਿੱਲ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿਚ ਸਮੂਹ ਡਿੱਪੂਆਂ ਦੇ ਆਗੂ ਹਾਜ਼ਰ ਹੋਏ। ਗਿੱਲ ਨੇ ਕਿਹਾ ਕਿ ਪੰਜਾਬ ਸਰਕਾਰ ਵਾਰ ਵਾਰ ਮੀਟਿੰਗ ਵਿਚ ਮੰਗਾ ਮੰਨ ਕੇ ਲਾਗੂ ਕਰਨ ਦੀ ਬਜਾਏ ਮੀਟਿੰਗਾਂ ਵਿਚ ਲਾਗੂ ਹੋਏ ਫ਼ੈਸਲਿਆਂ ਨੂੰ ਤੋੜ ਮਰੋੜ ਕੇ ਲਾਗੂ ਕਰ ਰਹੀ ਹੈ।

    ਪਿਛਲੇ ਦਿਨੀਂ ਟਰਾਂਸਪੋਰਟ ਮੰਤਰੀ, ਸੈਕਟਰੀ, ਐੱਮ ਡੀ, ਨਾਲ ਹੋਈ ਮੀਟਿੰਗ ਵਿਚ ਹੋਏ ਫ਼ੈਸਲੇ ਨੂੰ ਹੈੱਡ ਆਫ਼ਿਸ ਦੇ ਕੁੱਝ ਅਧਿਕਾਰੀਆਂ ਵਲੋਂ ਲਾਗੂ ਕਰਨ ਵਿਚ ਦੇਰੀ ਕੀਤੀ ਜਾ ਰਹੀ ਹੈ ਅਤੇ ਸਸਪੈਂਡ ਕੰਟਰੈਕਟ ਮੁਲਾਜ਼ਮਾਂ ਨੂੰ ਆਊਟ ਸੋਰਸ ਤੇ ਠੇਕੇਦਾਰ ਕੋਲ ਭੇਜਿਆ ਜਾ ਰਿਹਾ ਹੈ ਅਤੇ ਹੁਣ ਪੀ.ਆਰ.ਟੀ.ਸੀ ਵਿਚ ਛੁੱਟੀ ਅਤੇ ਰੈਸਟ ਵੀ ਠੇਕੇਦਾਰ ਤੋ ਲੈਣ ਲਈ ਕਿਹਾ ਜਾ ਰਿਹਾ ਹੈ।