ਫ਼ਤਹਿਗੜ੍ਹ ਸਾਹਿਬ: ਡੀਸੀ ਦਫ਼ਤਰ ਫ਼ਤਹਿਗੜ੍ਹ ਸਾਹਿਬ ਦੇ ਨਜ਼ਦੀਕ ਸੋਮਵਾਰ ਸਵੇਰੇ ਕਰੀਬ 5 ਵਜੇ ਸੁਆਹ ਨਾਲ ਭਰੇ ਇੱਕ ਕੈਂਟਰ ਦੇ ਟਾਇਰ ਹੇਠ ਆਉਣ ਕਾਰਨ ਕਰੀਬ 55 ਸਾਲਾ ਦਾਦੀ ਅਤੇ ਉਸਦੀ ਕਰੀਬ 14 ਸਾਲਾ ਪੋਤੀ ਦੀ ਮੌਤ ਹੋ ਗਈ ਹੈ। ਮ੍ਰਿਤਕਾਂ ਦੀ ਪਛਾਣ ਸਰਹਿੰਦ ਸ਼ਹਿਰ ਦੀ ਰਹਿਣ ਵਾਲੀ ਮਨਜੀਤ ਕੌਰ ਅਤੇ ਉਸਦੀ ਪੋਤੀ ਖੁਸ਼ਦੀਪ ਕੌਰ ਵਜੋਂ ਹੋਈ ਹੈ। ਮ੍ਰਿਤਕ ਮਨਜੀਤ ਕੌਰ ਦੇ ਪਤੀ ਰਣਜੀਤ ਸਿੰਘ ਨੇ ਦੱਸਿਆ ਕਿ ਉਸਦੀ ਪਤਨੀ ਅਤੇ ਪੋਤੀ ਖੁਸ਼ਦੀਪ ਕੌਰ ਡੀਸੀ ਦਫ਼ਤਰ ਫ਼ਤਹਿਗੜ੍ਹ ਸਾਹਿਬ ਦੇ ਨਜ਼ਦੀਕ ਕੱਪੜਿਆਂ ਦੀ ਫੜ੍ਹੀ ਲਗਾ ਕੇ ਬੈਠੇ ਸਨ, ਉਦੋਂ ਹੀ ਸਰਹਿੰਦ ਵਾਲੀ ਸਾਈਡ ਤੋਂ ਇੱਕ ਕੈਂਟਰ ਆਇਆ ਅਤੇ ਉਨ੍ਹਾਂ ਦੇ ਉੱਪਰ ਚੜ੍ਹਾ ਦਿੱਤਾ, ਜਿਸ ਕਾਰਨ ਉਸਦੀ ਪਤਨੀ ਅਤੇ ਪੋਤੀ ਦੀ ਮੌਕੇ ‘ਤੇ ਹੀ ਮੌਤ ਹੋ ਗਈ।ਉਨ੍ਹਾਂ ਦੱਸਿਆ ਕਿ ਖੁਸ਼ਦੀਪ ਕੌਰ ਮਾਤਾ ਗੁਜਰੀ ਸੀਨੀਅਰ ਸੈਕੰਡਰੀ ਸਕੂਲ ਆਫ਼ ਐਮੀਨੈਂਸ ਫ਼ਤਹਿਗੜ੍ਹ ਸਾਹਿਬ ਵਿਖੇ 7ਵੀਂ ਜਮਾਤ ਵਿੱਚ ਪੜ੍ਹਦੀ ਸੀ। ਥਾਣਾ ਫ਼ਤਹਿਗੜ੍ਹ ਸਾਹਿਬ ਦੇ ਸਬ-ਇੰਸਪੈਕਟਰ ਕੁਲਬੀਰ ਸਿੰਘ ਨੇ ਦੱਸਿਆ ਕਿ ਮ੍ਰਿਤਕਾਂ ਦੀਆਂ ਦੇਹਾਂ ਸਿਵਲ ਹਸਪਤਾਲ ਫ਼ਤਹਿਗੜ੍ਹ ਸਾਹਿਬ ਵਿਖੇ ਰਖਵਾ ਕੇ ਕੈਂਟਰ ਨੂੰ ਕਬਜ਼ੇ ਵਿੱਚ ਲੈ ਲਿਆ ਗਿਆ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।