ਦੁਨੀਆ ਭਰ ’ਚ ਗਰਮੀ ਦਾ ਕਹਿਰ: ਗ੍ਰੀਸ ਦੇ ਜੰਗਲਾਂ ’ਚ ਭੜਕੀ ਭਿਆਨਕ ਅੱਗ, ਸਪੇਨ ਤੇ ਫਰਾਂਸ ’ਚ ਵੀ ਹਾਲਾਤ ਬੇਕਾਬੂ

ਐਥਨਜ਼ (ਅਰਸ਼ਦੀਪ ਸਿੰਘ ਕਾਲੜਾ) :- ਯੂਰਪ ਇਸ ਸਮੇਂ ਰਿਕਾਰਡ ਤੋੜ ਗਰਮੀ ਅਤੇ ਘੱਟ ਵਰਖਾ ਕਾਰਨ ਭਿਆਨਕ ਜੰਗਲੀ ਅੱਗ ਦੀ ਚਪੇਟ ਵਿੱਚ ਹੈ। ਗ੍ਰੀਸ, ਫਰਾਂਸ ਅਤੇ ਸਪੇਨ ਦੇ ਕਈ ਇਲਾਕਿਆਂ ਵਿੱਚ ਅੱਗ ਨੇ ਤਬਾਹੀ ਮਚਾ ਦਿੱਤੀ ਹੈ। ਗ੍ਰੀਸ ਦੀ ਰਾਜਧਾਨੀ ਐਥਨਜ਼ ਦੇ ਆਸ-ਪਾਸ ਦੇ ਜੰਗਲੀ ਖੇਤਰਾਂ ਵਿੱਚ ਵੀ ਅੱਗ ਤੇਜ਼ੀ ਨਾਲ ਫੈਲ ਰਹੀ ਹੈ, ਜਿਸ ਕਾਰਨ ਪ੍ਰਸ਼ਾਸਨ ਨੇ ਵੱਡੇ ਪੱਧਰ ’ਤੇ ਅੱਗ ਬੁਝਾਉਣ ਦੇ ਅਭਿਆਨ ਦੇ ਨਾਲ-ਨਾਲ ਐਮਰਜੈਂਸੀ ਨਿਕਾਸੀ ਮੁਹਿੰਮ ਵੀ ਸ਼ੁਰੂ ਕਰ ਦਿੱਤੀ ਹੈ।

ਗ੍ਰੀਸ ਵਿੱਚ ਤੇਜ਼ ਹਵਾਵਾਂ ਨੇ ਅੱਗ ਨੂੰ ਹੋਰ ਭਿਆਨਕ ਬਣਾ ਦਿੱਤਾ ਹੈ। ਹਾਲਾਂਕਿ ਪਿਛਲੇ ਕੁਝ ਦਿਨਾਂ ਦੌਰਾਨ ਗਰਮੀ ਦੀ ਲਹਿਰ ਵਿੱਚ ਕੁਝ ਕਮੀ ਆਈ ਸੀ, ਪਰ ਮੌਜੂਦਾ ਮੌਸਮੀ ਹਾਲਾਤ ਨੇ ਜੰਗਲਾਂ ਨੂੰ ਮੁੜ ਅੱਗ ਦੀ ਲਪੇਟ ਵਿੱਚ ਲਿਆ ਦਿੱਤਾ ਹੈ। ਫਾਇਰ ਬ੍ਰਿਗੇਡ ਦੀਆਂ ਟੀਮਾਂ ਲਗਾਤਾਰ ਅੱਗ ’ਤੇ ਕਾਬੂ ਪਾਉਣ ਲਈ ਜੁੱਟੀਆਂ ਹੋਈਆਂ ਹਨ।

ਉੱਥੇ ਹੀ ਫਰਾਂਸ ਅਤੇ ਸਪੇਨ ਵਿੱਚ ਵੀ ਜੰਗਲੀ ਅੱਗ ਨੇ ਹਾਲਾਤ ਗੰਭੀਰ ਕਰ ਦਿੱਤੇ ਹਨ। ਦੋਵਾਂ ਦੇਸ਼ਾਂ ਦੇ ਕਈ ਪਿੰਡ ਅੱਗ ਦੀ ਲਪੇਟ ਵਿੱਚ ਆ ਕੇ ਤਬਾਹ ਹੋ ਚੁੱਕੇ ਹਨ, ਜਦਕਿ ਲੱਖਾਂ ਲੋਕਾਂ ਨੂੰ ਆਪਣੇ ਘਰ ਛੱਡ ਕੇ ਸੁਰੱਖਿਅਤ ਥਾਵਾਂ ਵੱਲ ਜਾਣਾ ਪਿਆ ਹੈ।

ਫਰਾਂਸ ਦੇ ਦੱਖਣ-ਪੂਰਬੀ ਖੇਤਰ ਵਿੱਚ ਤਿੰਨ ਦਿਨ ਪਹਿਲਾਂ ਕਾਬੂ ਕੀਤੀ ਗਈ ਅੱਗ ਸ਼ੁੱਕਰਵਾਰ ਨੂੰ ਮੁੜ ਭੜਕ ਉੱਠੀ। ਸਿਰਫ਼ ਛੇ ਘੰਟਿਆਂ ਵਿੱਚ ਹੀ ਅੱਗ ਨੇ ਇੱਕ ਹਜ਼ਾਰ ਹੈਕਟੇਅਰ ਤੋਂ ਵੱਧ ਇਲਾਕੇ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਕਰੀਬ 2,500 ਲੋਕਾਂ ਨੂੰ ਰਾਤੋ-ਰਾਤ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ ਗਿਆ। ਮੌਸਮ ਵਿਭਾਗ ਵੱਲੋਂ ਤੇਜ਼ ਹਵਾਵਾਂ ਦੀ ਚੇਤਾਵਨੀ ਜਾਰੀ ਕੀਤੇ ਜਾਣ ਤੋਂ ਬਾਅਦ ਫਾਇਰ ਬ੍ਰਿਗੇਡ ਨੇ ਵਾਧੂ ਸਹਾਇਤਾ ਮੰਗੀ ਹੈ, ਕਿਉਂਕਿ ਅੱਗ ’ਤੇ ਕਾਬੂ ਪਾਉਣ ਦੀ ਮੁਹਿੰਮ ਹੋਰ ਮੁਸ਼ਕਲ ਹੋ ਸਕਦੀ ਹੈ।

ਮਾਹਿਰਾਂ ਦਾ ਕਹਿਣਾ ਹੈ ਕਿ ਰਿਕਾਰਡ ਤੋੜ ਗਰਮੀ, ਲੰਬੇ ਸਮੇਂ ਤੋਂ ਘੱਟ ਵਰਖਾ ਅਤੇ ਤੇਜ਼ ਹਵਾਵਾਂ ਕਾਰਨ ਯੂਰਪ ਵਿੱਚ ਜੰਗਲੀ ਅੱਗ ਦੀਆਂ ਘਟਨਾਵਾਂ ਲਗਾਤਾਰ ਵੱਧ ਰਹੀਆਂ ਹਨ, ਜਿਸ ਨਾਲ ਵਾਤਾਵਰਣ ਅਤੇ ਲੋਕਾਂ ਦੀ ਜ਼ਿੰਦਗੀ ’ਤੇ ਗੰਭੀਰ ਅਸਰ ਪੈ ਰਿਹਾ ਹੈ।