
Skip to content

ਗੁਰਦਾਸਪੁਰ ‘ਚ 62 ਲੱਖ ਰੁਪਏ ਦੀ ਨਕਦੀ ਸਮੇਤ ਗੁਜਰਾਤ ਦੇ ਦੋ ਨੌਜਵਾਨ ਕਾਬੂ, ਮਾਮਲਾ ਆਮਦਨ ਕਰ ਵਿਭਾਗ ਹਵਾਲੇ
ਗੁਰਦਾਸਪੁਰ (ਅਰਸ਼ਦੀਪ ਸਿੰਘ ਕਾਲੜਾ) :- ਗੁਰਦਾਸਪੁਰ ਪੁਲਿਸ ਨੇ ਅੱਜ ਸਵੇਰੇ ਬਾਬਰੀ ਨਾਕਾ ਵਿਖੇ ਕੀਤੀ ਨਾਕਾਬੰਦੀ ਦੌਰਾਨ ਇੱਕ ਵੱਡੀ ਕਾਰਵਾਈ ਕਰਦਿਆਂ 62 ਲੱਖ ਰੁਪਏ ਦੀ ਨਕਦੀ ਸਮੇਤ ਗੁਜਰਾਤ ਦੇ ਦੋ ਨੌਜਵਾਨਾਂ ਨੂੰ ਕਾਬੂ ਕੀਤਾ ਹੈ। ਮਾਮਲੇ ਦੀ ਜਾਂਚ ਲਈ ਦੋਵਾਂ ਨੂੰ ਆਮਦਨ ਕਰ ਵਿਭਾਗ ਦੇ ਹਵਾਲੇ ਕਰ ਦਿੱਤਾ ਗਿਆ ਹੈ।
ਡੀਐਸਪੀ ਸ਼ਾਹਬਾਜ਼ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਬਾਬਰੀ ਨਾਕਾ ਵਿਖੇ ਵਾਹਨਾਂ ਦੀ ਰੁਟੀਨ ਚੈਕਿੰਗ ਕੀਤੀ ਜਾ ਰਹੀ ਸੀ। ਇਸ ਦੌਰਾਨ ਬਿਨਾਂ ਨੰਬਰ ਪਲੇਟ ਵਾਲੀ ਇੱਕ ਚਿੱਟੀ ਕ੍ਰੇਟਾ ਕਾਰ ਨੂੰ ਰੋਕਿਆ ਗਿਆ। ਕਾਰ ਵਿੱਚ ਸਵਾਰ ਦੋਵੇਂ ਨੌਜਵਾਨ ਵਾਹਨ ਨਾਲ ਸਬੰਧਤ ਕੋਈ ਵੀ ਦਸਤਾਵੇਜ਼ ਪੇਸ਼ ਨਹੀਂ ਕਰ ਸਕੇ।
ਸ਼ੱਕ ਦੇ ਆਧਾਰ ‘ਤੇ ਜਦੋਂ ਕਾਰ ਦੀ ਤਲਾਸ਼ੀ ਲਈ ਗਈ ਤਾਂ ਉਸ ਵਿੱਚੋਂ 62 ਲੱਖ ਰੁਪਏ ਦੀ ਨਕਦੀ ਬਰਾਮਦ ਹੋਈ। ਪੁਲਿਸ ਮੁਤਾਬਕ, ਗ੍ਰਿਫ਼ਤਾਰ ਕੀਤੇ ਗਏ ਦੋਵੇਂ ਨੌਜਵਾਨ ਅਹਿਮਦਾਬਾਦ ਦੇ ਰਹਿਣ ਵਾਲੇ ਹਨ ਅਤੇ ਉਨ੍ਹਾਂ ਦੀ ਉਮਰ 20 ਸਾਲ ਤੋਂ ਘੱਟ ਦੱਸੀ ਜਾ ਰਹੀ ਹੈ।
ਪੁੱਛਗਿੱਛ ਦੌਰਾਨ ਨੌਜਵਾਨਾਂ ਨੇ ਦਾਅਵਾ ਕੀਤਾ ਕਿ ਉਹ ਸ੍ਰੀਨਗਰ ਜਾਣ ਲਈ ਘਰੋਂ ਨਿਕਲੇ ਸਨ। ਹਾਲਾਂਕਿ, ਇੰਨੀ ਵੱਡੀ ਰਕਮ ਆਪਣੇ ਨਾਲ ਲਿਜਾਣ ਬਾਰੇ ਉਹ ਕੋਈ ਤਸੱਲੀਬਖ਼ਸ਼ ਜਵਾਬ ਨਹੀਂ ਦੇ ਸਕੇ।
ਵੱਡੀ ਮਾਤਰਾ ਵਿੱਚ ਨਕਦੀ ਬਰਾਮਦ ਹੋਣ ਤੋਂ ਬਾਅਦ ਪੁਲਿਸ ਨੇ ਮਾਮਲਾ ਆਮਦਨ ਕਰ ਵਿਭਾਗ ਨੂੰ ਸੌਂਪ ਦਿੱਤਾ ਹੈ। ਹੁਣ ਵਿਭਾਗ ਵੱਲੋਂ ਨਕਦੀ ਦੇ ਸਰੋਤ, ਅਸਲ ਮਾਲਕ ਅਤੇ ਇਸ ਰਕਮ ਨੂੰ ਕਿਸ ਮਕਸਦ ਲਈ ਲਿਜਾਇਆ ਜਾ ਰਿਹਾ ਸੀ, ਇਸ ਸਬੰਧੀ ਵਿਸਥਾਰ ਨਾਲ ਜਾਂਚ ਕੀਤੀ ਜਾ ਰਹੀ ਹੈ।

Related