ਨਵੀਂ ਦਿੱਲੀ (ਬਿਉਰੋ)- ਸੁਸਾਇਟੀ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀਐਸਜੀਐਮਸੀ) ਵੱਲੋਂ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਦੀਆਂ ਸਮੂਹ ਬਰਾਂਚਾਂ ਦੇ ਸੀਬੀਐਸਈ ਬੋਰਡ 10ਵੀਂ-12ਵੀਂ ਦੇ ਇਮਤਿਹਾਨਾਂ ’ਚ ਅਵੱਲ ਰਹਿਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕਰਨ ਲਈ ਮਾਤਾ ਸਾਹਿਬ ਕੌਰ ਜੀ ਆਡੀਟੋਰੀਅਮ ਮਾਤਾ ਸੁੰਦਰੀ ਕਾਲਜ ਵਿਖੇ ‘ਹਰ ਮੈਦਾਨ ਫਤਹਿ ਭ;ਰਗਖ ਰ ਿਭ.੍ਵਛ’ ਪ੍ਰੋਗਰਾਮ ਕਰਵਾਇਆ ਗਿਆ । ਇਸ ਮੌਕੇ ਡੀਐਸਜੀਐਮਸੀ ਪ੍ਰਧਾਨ ਹਰਮੀਤ ਸਿੰਘ ਕਾਲਕਾ, ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ ਵੱਲੋਂ ਕੁਲ 198 ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ ਜਿਨ੍ਹਾਂ ’ਚ 10ਵੀਂ ਅਤੇ 12ਵੀਂ ਜਮਾਤ ’ਚ 95% ਅੰਕ ਪ੍ਰਾਪਤ ਕਰਨ ਵਾਲੇ 20 ਵਿਦਿਆਰਥੀ, 90% ਅੰਕ ਲੈਣ ਵਾਲੇ 116 ਵਿਦਿਆਰਥੀ, ਵੱਖ-ਵੱਖ ਬਰਾਂਚਾਂ ਦੇ 49 ਸਕੂਲ ਟਾਪਰ ਤੇ 100% ਅੰਕ ਲੈਣ ਵਾਲੇ 12ਵੀਂ ਦੇ 11 ਅਤੇ 10ਵੀਂ ਜਮਾਤ ਦੇ 2 ਵਿਦਿਆਰਥੀ ਸ਼ਾਮਿਲ ਹਨ ।
ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਕਿਹਾ ਕਿ ਕਰੋਨਾ ਕਾਲ ’ਚ ਦੋ ਸਾਲ ਦੀਆਂ ਗੰਭੀਰ ਚੁਣੌਤੀਆਂ ਦੇ ਸਫ਼ਰ ਤੋਂ ਬਾਅਦ ਸਾਲ 2021-22 ’ਚ ਸੀਬੀਐਸਈ ਦੇ ਸਾਲਾਨਾ ਨਤੀਜਿਆਂ ’ਚ ਸਾਡੇ ਸਕੂਲਾਂ ਦੇ ਇੰਨੇ ਜ਼ਿਆਦਾ ਵਿਦਿਆਰਥੀਆਂ ਦਾ ਟਾਪਰ ਬਣਨਾ ਸਾਡੇ ਲਈ ਅਹਿਮ ਜਿੱਤ ਵਾਂਗੂੰ ਹੈ । ਉਨ੍ਹਾਂ ਵਿਦਿਆਰਥੀਆਂ ਜਿਨ੍ਹਾਂ ਨੇ ਇਨ੍ਹਾਂ ਪ੍ਰੀਖਿਆਵਾਂ ’ਚ 90% ਤੇ ਉਸ ਤੋਂ ਵੱਧ ਅੰਕ ਪ੍ਰਾਪਤ ਕਰਕੇ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਦੀ ਸ਼ਾਨ ਨੂੰ ਬਰਕਰਾਰ ਰਖਿਆ, ਇਨ੍ਹਾਂ ਸ਼ਾਨਦਾਰ ਨਤੀਜਿਆਂ ਦੀ ਪ੍ਰਾਪਤੀ ’ਚ ਸਕੂਲ ਦੇ ਅਧਿਆਪਕਾਂ ਦੀ ਅਣਥੱਕ ਮਿਹਨਤ ਦਾ ਵੀ ਅਹਿਮ ਰੋਲ ਰਿਹਾ ਹੈ । ਇਸ ਲਈ ਸਕੂਲ ਮੈਨੇਜਮੈਂਟ ਦੇ ਨਾਲ-ਨਾਲ ਸਕੂਲਾਂ ਦੇ ਅਧਿਆਪਕ ਅਤੇ ਪ੍ਰਿੰਸੀਪਲ ਸਾਹਿਬਾਨ ਸਾਂਝੇ ਤੌਰ ’ਤੇ ਸਤਿਕਾਰ ਤੇ ਵਧਾਈ ਦੇ ਪਾਤਰ ਹਨ । ਕਾਲਕਾ ਨੇ ਟਾਪ ਰੈਕਿੰਗ ’ਤੇ ਰਹਿਣ ਵਾਲੇ ਸਾਰੇ ਵਿਦਿਆਰਥੀਆਂ ਦੇ ਮਾਪਿਆਂ ਨੂੰ ਇਸ ਵੱਡੀ ਉਪਲੱਬਧੀ ਲਈ ਵਧਾਈ ਦਿੱਤੀ ।
ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਦੱਸਿਆ ਕਿ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ’ਚ ਵਿਦਿਆਰਥੀਆਂ ਦੇ ਬਹੁਪੱਖੀ ਵਿੱਦਿਅਕ ਵਿਕਾਸ ਲਈ ਇੱਕੋ ਛੱਤ ਹੇਠਾਂ ਨੈਤਿਕ ਤੇ ਅਧਿਆਤਮਕ ਸਿੱਖਿਆ ਦਾ ਸਾਂਝੇ ਰੂਪ ’ਚ ਪ੍ਰਬੰਧ ਕੀਤਾ ਜਾਂਦਾ ਹੈ । ਜਿਸ ਕਰਕੇ ਇਹ ਸਕੂਲ ਬਾਕੀ ਸਕੂਲਾਂ ਤੋਂ ਨਿਆਰੇ ਹਨ । ਇੱਥੋਂ ਦਾ ਪੜ੍ਹਿਆ ਵਿਦਿਆਰਥੀ ਜਿੱਥੇ ਸਫ਼ਲ ਸੁਘੜ ਨਾਗਰਿਕ ਦੇ ਤੌਰ ’ਤੇ ਟ੍ਰੇਂਡ ਹੁੰਦਾ ਦੂਜੇ ਪਾਸੇ ਸਮਾਜ ਦੇ ਜਿਸ ਪੱਖ ਜਾਂ ਖੇਤਰ ’ਚ ਜਾ ਕੇ ਜੀਵਨ ਦੀਆਂ ਜ਼ਿੰਮੇਵਾਰੀਆਂ ਨਿਭਾਉਣੀਆਂ ਹੁੰਦੀ ਉਥੇ ਹਰ ਹਾਲ, ਹਰ ਥਾਂ ਆਪਣੀ ਵੱਖਰੀ ਤੇ ਉਚੀ ਪਛਾਣ ਕਾਇਮ ਰੱਖਦਾ ਹੈ । ਉਸ ਦਾ ਮਨ ਨੀਵਾਂ ਅਤੇ ਮੱਤ ਉਚੀ ਹੁੰਦੀ ਹੈ ।
ਇਸ ਮੌਕੇ ਸ. ਕਾਹਲੋਂ ਨੇ ਕਿਹਾ ਕਿ ਵਿਦਿਆ ਵੀਚਾਰੀ ਤਾਂ ਪਰਉਪਕਾਰੀ ਦੀ ਮਹਿਕਦੀ ਮਾਲਾ ਦੇ ਫੁੱਲਾਂ ਦੇ ਰੂਪ ’ਚ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਦੀਆਂ ਅਨੇਕਾਂ ਬ੍ਰਾਂਚਾਂ ’ਚ ਬੜੀ ਸ਼ਿੱਦਤ ਨਾਲ ਵਿਦਿਆਰਥੀਆਂ ਦੀ ਸ਼ਖਸੀਅਤ ਘਾੜਨ ਦਾ ਕਾਰਜ ਕੀਤਾ ਜਾ ਰਿਹਾ ਹੈ । ਪਰੰਤੂ ਵਿਰੋਧੀ ਦਲਾਂ ਵੱਲੋਂ ਨਿਤ ਸੋਸ਼ਲ ਮੀਡੀਆ ’ਤੇ ਝੂਠ ਦਾ ਕੂੜ ਪ੍ਰਚਾਰ ਕਰਕੇ ਅਤੇ ਅਦਾਲਤਾਂ ’ਚ ਝੂਠੇ ਕੇਸ ਪਾ ਕੇ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਤੇ ਦਿੱਲੀ ਕਮੇਟੀ ਦੀ ਸਾਖ਼ ਨੂੰ ਵਿਗਾੜਨ ਦਾ ਕੰਮ ਕੀਤਾ ਗਿਆ ਜੋ ਹੁਣ ਬੇਅਸਰ ਸਾਬਿਤ ਹੁੰਦਾ ਨਜ਼ਰ ਆ ਰਿਹਾ ਹੈ ।
ਡੀਐਸਜੀਐਮਸੀ ਦੇ ਐਜ਼ੂਕੇਸ਼ਨ ਸੈਲ ਦੇ ਚੇਅਰਮੈਨ ਵਿਕਰਮ ਸਿੰਘ ਰੋਹਿਣੀ ਨੇ ਕਿਹਾ ਕਿ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਦਾ 100% ਰਿਜ਼ਲਟ ਆਉਣਾ ਸਾਡੇ ਲਈ ਫ਼ਖ਼ਰ ਦੀ ਗੱਲ ਹੈ । ਉਨ੍ਹਾਂ ਕਿਹਾ ਕਿ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ’ਚ ‘ਇੱਕ ਓਅੰਕਾਰ’ ਦੇ ਸਰਬ ਸਾਂਝੇ ਉਪਦੇਸ਼ ਨੂੰ ਦ੍ਰਿੜ੍ਹ ਕਰਵਾਉਂਦਿਆਂ ਵਿਦਿਆਰਥੀਆਂ ਦੇ ਮਨਾਂ ’ਚ ‘ਵਿਦਿਆ ਵੀਚਾਰੀ ਤਾਂ ਪਰਉਪਕਾਰੀ’ ਦੇ ਪਵਿੱਤਰ ਉਪਦੇਸ਼ ਦਾ ਸੰਚਾਰ ਕੀਤਾ ਜਾਂਦਾ ਹੈ । ਵਿਦਿਆਰਥੀਆਂ ਦੀ ਬਹੁਪੱਖੀ ਸ਼ਖ਼ਸੀਅਤ ਦੀ ਘਾੜਤ ਲਈ, ਉਚ ਪੱਧਰੀ ਵਿਦਿਆ ਦੇ ਨਾਲ-ਨਾਲ ਇਲਾਹੀ ਗੁਰਬਾਣੀ, ਮਾਂ ਬੋਲੀ ਪੰਜਾਬੀ, ਸਿੱਖੀ ਸਿਧਾਂਤਾਂ ਜਿਵੇਂ ਸੇਵਾ, ਸਿਮਰਨ, ਦਸਵੰਧ, ਕਿਰਤ ਕਰਨ, ਵੰਡ ਛੱਕਣ ਤੇ ਨਾਮ ਜਪਣ ਦੇ ਅਮੋਲਕ ਸਿਧਾਂਤਾਂ ਦੀ ਜਾਣਕਾਰੀ ਵੀ ਦਿੱਤੀ ਜਾਂਦੀ ਹੈ ।
ਸ਼ਾਮ ਵੇਲੇ ਆਯੋਜਿਤ ਕੀਤੇ ਇਸ ਪ੍ਰੋਗਰਾਮ ਦੀ ਆਰੰਭਤਾ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਦੇ ਵਿਦਿਆਰਥੀਆਂ ਵੱਲੋਂ ਗੁਰਬਾਣੀ ਦੇ ਇਲਾਹੀ ਕੀਰਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਦਾ ਸ਼ਬਦ ‘ਦੇਹ ਸ਼ਿਵਾ ਬਰ ਮੋਹਿ ਇਹੈ ਸ਼ੁਭ ਕਰਮਨ ਤੇ ਕਬਹੂੰ ਨਾ ਟਰੋਂ’ ਗਾਇਨ ਕਰਕੇ ਕੀਤੀ ਗਈ ਅਤੇ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਦੀ ਕਾਰਗੁਜ਼ਾਰੀ ਆਧਾਰਿਤ ਗੀਤ ਦੀ ਸੋਹਣੀ ਪੇਸ਼ਕਾਰੀ ਕੀਤੀ ਗਈ । ਇਸ ਤੋਂ ਇਲਾਵਾ ਵਿਦਿਆਰਥੀਆਂ ਵੱਲੋਂ ਸਿੱਖਾਂ ਦੀ ਰੂਹਾਨੀ ਖੇਡ ‘ਸਿੱਖ ਧਰਮ ਯੁੱਧ ਕਲਾ‘ ਦਾ ਹਿੱਸਾ ‘ਗਤਕਾ ਪ੍ਰਦਰਸ਼ਨ’ ਅਤੇ ਪੰਜਾਬ ਦਾ ਸਭਿਆਚਾਰਕ ਗਿੱਧਾ-ਭੰਗੜਾ ਦਾ ਦਿੱਲ-ਖਿੱਚਵਾਂ ਪ੍ਰਦਰਸ਼ਨ ਵੀ ਕੀਤਾ ਗਿਆ ।
ਇਸ ਮੌਕੇ ਦਿੱਲੀ ਕਮੇਟੀ ਦੇ ਮੀਤ ਪ੍ਰਧਾਨ ਆਤਮਾ ਸਿੰਘ ਲੁਬਾਣਾ, ਕਮੇਟੀ ਮੈਂਬਰ ਭੁਪਿੰਦਰ ਸਿੰਘ ਭੁੱਲਰ, ਸਰਵਜੀਤ ਸਿੰਘ ਵਿਰਕ, ਹਰਜੀਤ ਸਿੰਘ ਪੱਪਾ, ਗੁਰਮੀਤ ਸਿੰਘ ਭਾਟੀਆ, ਹਰਵਿੰਦਰ ਸਿੰਘ ਸੰਧੂ, ਪਲਵਿੰਦਰ ਸਿੰਘ ਲੱਕੀ, ਪਰਮਜੀਤ ਸਿੰਘ ਚੰਢੋਕ, ਦਲਜੀਤ ਸਿੰਘ ਚੌਖੰਡੀ ਆਦਿ ਵੀ ਮੌਜ਼ੂਦ ਸਨ ।