
Skip to content

ਭਗਵੰਤ ਮਾਨ ਦੀ ਵਿਵਾਦਿਤ ਵੀਡੀਓ ‘ਤੇ ਵੱਡਾ ਦਾਅਵਾ: “ਦੋ ਲੈਬਾਂ ਦੀ ਰਿਪੋਰਟ ਨੇ ਸਾਬਤ ਕੀਤਾ, ਨਾ AI ਤੇ ਨਾ ਹੀ ਐਡਿਟਿੰਗ” – ਜਥੇਦਾਰ ਕੁਲਦੀਪ ਸਿੰਘ ਗੜਗੱਜ
ਸ਼੍ਰੀ ਅਕਾਲ ਤਖ਼ਤ ਸਾਹਿਬ ਤੱਕ ਪਹੁੰਚੀ ਮੁੱਖ ਮੰਤਰੀ ਭਗਵੰਤ ਮਾਨ ਦੀ ਕਥਿਤ ਵਿਵਾਦਿਤ ਵੀਡੀਓ ਦੀਆਂ ਲੈਬ ਰਿਪੋਰਟਾਂ ਨੂੰ ਲੈ ਕੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਵੱਡਾ ਬਿਆਨ ਦਿੱਤਾ ਹੈ। ਜਥੇਦਾਰ ਨੇ ਦਾਅਵਾ ਕੀਤਾ ਕਿ ਭਾਰਤ ਦੀਆਂ ਦੋ ਨਾਮੀ ਲੈਬਾਂ ਵੱਲੋਂ ਕੀਤੀ ਗਈ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਵੀਡੀਓ ਨਾ ਤਾਂ AI ਰਾਹੀਂ ਬਣਾਈ ਗਈ ਹੈ ਅਤੇ ਨਾ ਹੀ ਇਸ ਨਾਲ ਕਿਸੇ ਕਿਸਮ ਦੀ ਐਡਿਟਿੰਗ ਜਾਂ ਛੇੜਛਾੜ ਕੀਤੀ ਗਈ ਹੈ।
ਜਥੇਦਾਰ ਗੜਗੱਜ ਨੇ ਕਿਹਾ ਕਿ ਸਰਕਾਰ ਚਾਹੇ ਇਸ ਰਿਪੋਰਟ ਨੂੰ ਕਿਸੇ ਵੀ ਅਦਾਲਤ ਵਿੱਚ ਚੁਣੌਤੀ ਦੇਵੇ, ਪੰਥ ਆਪਣੀ ਰਿਪੋਰਟ ਨਾਲ ਉੱਥੇ ਹਾਜ਼ਰ ਹੋਵੇਗਾ ਅਤੇ ਇਸ ਨੂੰ ਝੂਠਾ ਸਾਬਤ ਨਹੀਂ ਕੀਤਾ ਜਾ ਸਕੇਗਾ। ਉਨ੍ਹਾਂ ਕਿਹਾ ਕਿ ਵੀਡੀਓ ਵਿੱਚ ਦਿਖਾਇਆ ਗਿਆ ਹੈ ਕਿ ਦਸਵੇਂ ਪਾਤਸ਼ਾਹ ਜੀ ਦੀ ਤਸਵੀਰ ‘ਤੇ ਸ਼ਰਾਬ ਦੇ ਛਿੱਟੇ ਪੈ ਰਹੇ ਹਨ, ਜਿਸ ਕਾਰਨ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ।
ਜਥੇਦਾਰ ਨੇ ਕਿਹਾ ਕਿ ਇਸ ਮਾਮਲੇ ਦੇ ਨਾਲ-ਨਾਲ ਪੰਥ ਤਿੰਨ ਅਹਿਮ ਮੁੱਦਿਆਂ ‘ਤੇ ਵੀ ਨਜ਼ਰ ਰੱਖ ਰਿਹਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਬੇਅਦਬੀ ਮਾਮਲਿਆਂ ਵਿੱਚ ਸਰਕਾਰ ਵੱਲੋਂ ਕੋਈ ਠੋਸ ਕਾਰਵਾਈ ਨਹੀਂ ਕੀਤੀ ਜਾ ਰਹੀ। ਇਸ ਤੋਂ ਇਲਾਵਾ ਭਾਈ ਬਲਵੰਤ ਸਿੰਘ ਰਾਜੋਆਣਾ ਦੇ ਮਾਮਲੇ ‘ਤੇ ਵੀ ਸਰਕਾਰ ਸਿਰਫ਼ ਚਿੱਠੀਆਂ ਲਿਖਣ ਤੱਕ ਸੀਮਿਤ ਹੈ ਅਤੇ ਸ਼੍ਰੋਮਣੀ ਕਮੇਟੀ ਨੂੰ ਆਪਣੀ ਪਟੀਸ਼ਨ ਵਾਪਸ ਲੈਣ ਦੀ ਗੱਲ ਕੀਤੀ ਜਾ ਰਹੀ ਹੈ।
ਜਥੇਦਾਰ ਗੜਗੱਜ ਨੇ ਦੁਹਰਾਇਆ ਕਿ ਵਿਵਾਦਿਤ ਵੀਡੀਓ ਸਬੰਧੀ ਆਈਆਂ ਦੋਵੇਂ ਲੈਬ ਰਿਪੋਰਟਾਂ ਵੀਡੀਓ ਨੂੰ ਅਸਲੀ ਕਰਾਰ ਦਿੰਦੀਆਂ ਹਨ। ਉਨ੍ਹਾਂ ਕਿਹਾ ਕਿ ਹੁਣ ਪੂਰੇ ਪੰਥ ਨੂੰ ਇਸ ਮਾਮਲੇ ‘ਤੇ ਵਿਚਾਰ ਕਰਨਾ ਚਾਹੀਦਾ ਹੈ ਕਿ ਅੱਗੇ ਕੀ ਕਾਰਵਾਈ ਕੀਤੀ ਜਾਵੇ।
ਇਕੱਤਰਤਾ ਵਿੱਚ ਗਿਆਨੀ ਕੁਲਦੀਪ ਸਿੰਘ ਗੜਗੱਜ ਕਾਰਜਕਾਰੀ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ, ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਬਾਬਾ ਟੇਕ ਸਿੰਘ ਧਨੌਲਾ, ਗਿਆਨੀ ਅਮਰਜੀਤ ਸਿੰਘ ਹੈਡ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਗਿਆਨੀ ਪਰਵਿੰਦਰ ਪਾਲ ਸਿੰਘ ਬੁੱਟਰ, ਗਿਆਨੀ ਕੇਵਲ ਸਿੰਘ ਸ਼ਾਮਲ ਹਨ।
Related