ਨੈਸ਼ਨਲ ਡੈਸਕ – ਕੈਨੇਡਾ ਤੋਂ ਆਏ ਨੌਜਵਾਨ ਤੇ ਉਸ ਦੇ ਮਾਮੇ ਦੇ ਬੇਟੇ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਮਾਮਲਾ ਲੁਧਿਆਣਾ ਦਾ ਹੈ। ਮਰਨ ਵਾਲੇ ਨੌਜਵਾਨਾਂ ਦੀ ਪਛਾਣ ਬਲਰਾਜ ਸਿੰਘ ਤੇ ਮਨਦੀਪ ਸਿੰਘ ਵਜੋਂ ਹੋਈ ਹੈ। ਬਲਰਾਜ ਲਗਭਗ 4 ਸਾਲ ਪਹਿਲਾਂ ਕੈਨੇਡਾ ਗਿਆ ਸੀ। ਬੀਤੇ ਦਿਨੀਂ ਉਹ ਆਪਣੀ ਭੈਣ ਦੇ ਵਿਆਹ ਦੀਆਂ ਤਿਆਰੀਆਂ ਕਰਵਾਉਣ ਲਈ ਵਾਪਸ ਆਇਆ ਸੀ। ਉਹ ਆਪਣੇ ਕਿਸੇ ਦੋਸਤ ਦੇ ਵਿਆਹ ਤੋਂ ਭਰਾ ਮਨਦੀਪ ਨਾਲ ਮਾਨਸਾ ਤੋਂ ਵਾਪਸ ਆ ਰਿਹਾ ਸੀ ਕਿ ਰਸਤੇ ਵਿਚ ਖੜ੍ਹੀ ਟਰਾਲੀ ਦੇ ਹੇਠਾਂ ਉਨ੍ਹਾਂ ਦੀ ਸਵਿਫਟ ਕਾਰ ਵੜ ਗਈ। ਗੱਡੀ ਦੀ ਰਫਤਾਰ ਜ਼ਿਆਦਾ ਸੀ ਜਿਸ ਕਾਰਨ ਦੋਵੇਂ ਨੌਜਵਾਨਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਜਾਣਕਾਰੀ ਦਿੰਦਿਆਂ ਮ੍ਰਿਤਕ ਬਲਰਾਜ ਦੇ ਪਿਤਾ ਨੇ ਦੱਸਿਆ ਕਿ ਜਦੋਂ ਉਨ੍ਹਾਂ ਦਾ ਪੁੱਤ ਕੈਨੇਡਾ ਤੋਂ 4 ਸਾਲ ਬਾਅਦ ਆਇਆ ਤਾਂ ਉਨ੍ਹਾਂ ਨੂੰ ਉਸ ਨਾਲ ਗੱਲਬਾਤ ਕਰਨ ਦਾ ਮੌਕਾ ਵੀ ਨਹੀਂ ਮਿਲ ਸਕਿਆ। ਬਲਰਾਜ ਕਹਿੰਦਾ ਸੀ ਕਿ ਭੈਣਾਂ ਦਾ ਵਿਆਹ ਵਧੀਆ ਤਰੀਕੇ ਨਾਲ ਕਰਾਂਗਾ ਤੇ ਵਿਆਹ ਕਰਵਾ ਕੇ ਵਾਪਸ ਜਾਵਾਂਗਾ।ਬਲਰਾਜ ਨੇ ਆਪਣੇ ਪਿਤਾ ਨੂੰ ਕਿਹਾ ਸੀ ਕਿ ਉਸ ਨੇ ਇਸ ਵਾਰ ਵਾਪਸੀ ਦੀ ਟਿਕਟ ਨਹੀਂ ਕਰਵਾਈ ਹੈ। ਬਲਰਾਜ ਕਹਿੰਦਾ ਸੀ ਕਿ ਭੈਣਾਂ ਦਾ ਵਿਆਹ ਕਰਨ ਤੋਂ ਬਾਅਦ ਹੀ ਖੁਦ ਵਿਆਹ ਕਰੇਗਾ। ਬਲਰਾਜ ਦੀ ਇਕ ਸਗੀ ਭੈਣ ਹੈ। ਭੈਣਾਂ ਨਾਲ ਬਲਰਾਜ ਦਾ ਬਹੁਤ ਪਿਆਰ ਸੀ। ਉਹ ਪਰਿਵਾਰ ਦਾ ਇਕਲੌਤਾ ਪੁੱਤਰ ਸੀ।ਦੂਜੇ ਪਾਸੇ ਮਾਮਾ ਦੇ ਬੇਟੇ ਮਨਦੀਪ ਸਿੰਘ ਨੇ ਆਸਟ੍ਰੇਲੀਆ ਜਾਣਾ ਸੀ। ਉਹ ਵੀ ਹਾਦਸੇ ਵਿਚ ਮਾਰਿਆ ਗਿਆ। ਮਨਦੀਪ ਦੇ ਪਿਤਾ ਸੁਰਿੰਦਰ ਸਿੰਘ ਨੇ ਦੱਸਿਆ ਕਿ ਮਨਦੀਪ ਉਸ ਸਮੇਂ ਬਹੁਤ ਛੋਟਾ ਸੀ ਜਦੋਂ ਉਸ ਦੀ ਮਾਂ ਚੱਲ ਵਸੀ। ਮਨਦੀਪ ਦੇ ਵੱਡੇ ਭਰਾ ਦੀ ਮੌਤ ਹੋ ਗਈ ਸੀ, ਜੋ ਵਿਆਹਿਆ ਹੋਇਆ ਸੀ। ਭਰਾ ਦੀ ਹੀ ਪਤਨੀ ਦੀ ਜ਼ਿੰਮੇਵਾਰੀ ਮਨਦੀਪ ਨੂੰ ਸੌਂਪ ਦਿੱਤੀ ਗਈ। ਮਨਦੀਪ ਦਾ ਭਾਬੀ ਨਾਲ ਵਿਆਹ ਕਰਵਾ ਦਿੱਤਾ ਗਿਆ। ਮਨਦੀਪ ਨੇ ਕਾਫੀ ਮਿਹਨਤ ਕਰਕੇ ਆਪਣੀ ਪਤਨੀ ਨੂੰ ਆਸਟ੍ਰੇਲੀਆ ਭੇਜਿਆ। ਹੁਣ ਮਨਦੀਪ ਦਾ ਵੀ ਵੀਜ਼ਾ ਲੱਗ ਚੁੱਕਾ ਸੀ ਤੇ ਉਸ ਨੇ ਆਸਟ੍ਰੇਲੀਆ ਜਾਣਾ ਸੀ ਪਰ ਉਸ ਤੋਂ ਪਹਿਲਾਂ ਹੀ ਇਹ ਹਾਦਸਾ ਵਾਪਰ ਗਿਆ।