ਮੁੰਬਈ- ਟੀਮ ਇੰਡੀਆ ਦੇ ਆਲਰਾਊਂਡਰ ਹਾਰਦਿਕ ਪਾਂਡਿਆ ਦੇ ਘਰ ਵੱਡੀ ਖੁਸ਼ਖਬਰੀ ਆਈ ਹੈ। ਹਾਰਦਿਕ ਪਾਂਡਿਆ ਵੀਰਵਾਰ ਦੁਪਹਿਰ ਪਿਤਾ ਬਣ ਗਏ ਹਨ। ਪਾਂਡਿਆ ਦੀ ਮੰਗੇਤਰ ਅਦਾਕਾਰਾ ਨਤਾਸ਼ਾ ਸਟੈਨਕੋਵਿਚ ਨੇ ਇਕ ਬੇਟੇ ਨੂੰ ਜਨਮ ਦਿੱਤਾ ਹੈ। ਪਾਂਡਿਆ ਨੇ ਵੀਰਵਾਰ ਨੂੰ ਬੇਟੇ ਦੇ ਹੱਥ ਦੀ ਤਸਵੀਰ ਸੋਸ਼ਲ ਮੀਡੀਆ ‘ਤੇ ਪੋਸਟ ਕੀਤੀ। ਤਸਵੀਰ ਵਿਚ ਪਾਂਡਿਆ ਨੇ ਬੇਟੇ ਦਾ ਹੱਥ ਫੜਿਆ ਹੈ। ਤੁਹਾਨੂੰ ਦੱਸ ਦੇਈਏ ਕਿ ਹਾਰਦਿਕ ਪਾਂਡਿਆ ਨੇ ਪਹਿਲੀ ਜਨਵਰੀ ਨੂੰ ਅਦਾਕਾਰਾ ਨਤਾਸ਼ਾ ਸਟੈਨਕੋਵਿਕ ਨਾਲ ਸਗਾਈ ਕਰ ਲਈ ਸੀ ਅਤੇ ਫਿਰ ਤਾਲਾਬੰਦੀ ਦੌਰਾਨ ਪਾਂਡਿਆ ਨੇ ਪ੍ਰਸ਼ੰਸਕਾਂ ਨਾਲ ਨਤਾਸ਼ਾ ਦੇ ਗਰਭਵਤੀ ਹੋਣ ਦੀ ਖੁਸ਼ਖਬਰੀ ਸਾਂਝੀ ਕੀਤੀ ਅਤੇ ਅੱਜ ਇਹ ਟੀਮ ਇੰਡੀਆ ਦਾ ਆਲਰਾਊਂਡਰ ਪਿਤਾ ਬਣ ਗਿਆ ਹੈ।

     

    ਪਾਂਡਿਆ ਦੇ ਪਿਤਾ ਦੀ ਖ਼ਬਰ ਮਿਲਣ ਤੋਂ ਬਾਅਦ ਉਨ੍ਹਾਂ ਨੂੰ ਚਾਰੇ ਪਾਸੋਂ ਵਧਾਈਆਂ ਮਿਲ ਰਹੀਆਂ ਹਨ। ਉਸ ਦੀ ਆਈਪੀਐਲ ਟੀਮ ਮੁੰਬਈ ਇੰਡੀਅਨਜ਼ ਨੇ ਵੀ ਇਸ ਮੌਕੇ ਉਨ੍ਹਾਂ ਨੂੰ ਵਧਾਈ ਦਿੱਤੀ। ਇਸ ਤੋਂ ਇਲਾਵਾ ਕੇ ਐਲ ਰਾਹੁਲ, ਯੁਜਵੇਂਦਰ ਚਾਹਲ, ਵਿਰਾਟ ਕੋਹਲੀ ਅਤੇ ਸੂਰਯਕੁਮਾਰ ਯਾਦਵ ਨੇ ਵੀ ਪਾਂਡਿਆ ਨੂੰ ਪਿਤਾ ਬਣਨ ‘ਤੇ ਵਧਾਈ ਦਿੱਤੀ।