
Skip to content

ਹਰਿਆਣਾ (ਅਰਸ਼ਦੀਪ ਸਿੰਘ ਕਾਲੜਾ) :- ਹਰਿਆਣਾ ਦੇ ਰੇਵਾੜੀ ਜ਼ਿਲ੍ਹੇ ਦੇ ਪਿੰਡ ਅਸਲਵਾਸ ਨੇੜੇ ਨਹਿਰ ਵਿੱਚੋਂ ਮਿਲੀ 21 ਸਾਲਾ ਨੌਜਵਾਨ ਮੋਨੂ ਦੀ ਲਾਸ਼ ਦੇ ਮਾਮਲੇ ਵਿੱਚ ਪੁਲਿਸ ਜਾਂਚ ਦੌਰਾਨ ਸਨਸਨੀਖੇਜ਼ ਖੁਲਾਸਾ ਹੋਇਆ ਹੈ। ਪੁਲਿਸ ਮੁਤਾਬਕ ਮੋਨੂ ਦਾ ਕਤਲ ਉਸ ਦੀ ਪਤਨੀ ਤੰਨੂ ਨੇ ਆਪਣੇ ਪ੍ਰੇਮੀ ਸੋਨੂੰ ਅਤੇ ਉਸ ਦੇ ਸਾਥੀਆਂ ਨਾਲ ਮਿਲ ਕੇ ਕਰਵਾਇਆ।
ਜਾਂਚ ਵਿੱਚ ਸਾਹਮਣੇ ਆਇਆ ਕਿ ਮੁਲਜ਼ਮਾਂ ਨੇ ਪਹਿਲਾਂ ਮੋਨੂ ਦਾ ਮੂੰਹ ਅਤੇ ਨੱਕ ਢੱਕ ਕੇ ਉਸ ਨੂੰ ਬੇਹੋਸ਼ ਕੀਤਾ ਅਤੇ ਫਿਰ ਕਤਲ ਨੂੰ ਹਾਦਸੇ ਜਾਂ ਖੁਦਕੁਸ਼ੀ ਦਾ ਰੂਪ ਦੇਣ ਲਈ ਉਸ ਨੂੰ ਨਹਿਰ ਵਿੱਚ ਸੁੱਟ ਦਿੱਤਾ। ਸ਼ੱਕ ਤੋਂ ਬਚਣ ਲਈ ਮੋਨੂ ਦੀ ਐਕਟਿਵਾ ਵੀ ਨਹਿਰ ਦੇ ਨੇੜੇ ਖੜ੍ਹੀ ਕਰ ਦਿੱਤੀ ਗਈ ਸੀ।
ਸ਼ੁਰੂਆਤੀ ਜਾਂਚ ਵਿੱਚ ਪੁਲਿਸ ਇਸ ਮਾਮਲੇ ਨੂੰ ਖੁਦਕੁਸ਼ੀ ਮੰਨ ਕੇ ਜਾਂਚ ਰਹੀ ਸੀ, ਪਰ ਮ੍ਰਿਤਕ ਦੀ ਪਤਨੀ ਦਾ ਸ਼ੱਕੀ ਵਿਵਹਾਰ ਦੇਖ ਕੇ ਪੁੱਛਗਿੱਛ ਕੀਤੀ ਗਈ। ਸਖ਼ਤੀ ਨਾਲ ਕੀਤੀ ਗਈ ਪੁੱਛਗਿੱਛ ਦੌਰਾਨ ਤੰਨੂ ਨੇ ਆਪਣਾ ਜੁਰਮ ਕਬੂਲ ਕਰ ਲਿਆ।
ਪੁਲਿਸ ਨੇ ਮਾਮਲੇ ਵਿੱਚ ਮ੍ਰਿਤਕ ਦੀ ਪਤਨੀ ਤੰਨੂ ਅਤੇ ਪ੍ਰੇਮੀ ਸੋਨੂੰ ਦੇ ਇੱਕ ਸਾਥੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੁੱਖ ਦੋਸ਼ੀ ਸੋਨੂੰ ਅਤੇ ਉਸ ਦੇ ਹੋਰ ਸਾਥੀਆਂ ਦੀ ਗ੍ਰਿਫ਼ਤਾਰੀ ਲਈ ਪੁਲਿਸ ਵੱਲੋਂ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ।
ਪੁਲਿਸ ਅਨੁਸਾਰ ਮੋਨੂ ਆਪਣੇ ਪਰਿਵਾਰ ਦਾ ਇਕਲੌਤਾ ਪੁੱਤਰ ਅਤੇ ਦੋ ਭੈਣਾਂ ਦਾ ਇਕਲੌਤਾ ਭਰਾ ਸੀ। ਪਰਿਵਾਰ ਦੀ ਆਰਥਿਕ ਹਾਲਤ ਕਮਜ਼ੋਰ ਹੋਣ ਕਰਕੇ ਉਸ ਨੇ 12ਵੀਂ ਜਮਾਤ ਤੋਂ ਬਾਅਦ ਇੱਕ ਨਿੱਜੀ ਕੰਪਨੀ ਵਿੱਚ ਨੌਕਰੀ ਕਰਨੀ ਸ਼ੁਰੂ ਕਰ ਦਿੱਤੀ ਸੀ। ਕਰੀਬ ਤਿੰਨ ਸਾਲ ਪਹਿਲਾਂ ਪਰਿਵਾਰ ਨੇ ਉਸ ਦਾ ਵਿਆਹ ਤੰਨੂ ਨਾਲ ਕਰਵਾਇਆ ਸੀ। ਇਸ ਘਟਨਾ ਤੋਂ ਬਾਅਦ ਪਰਿਵਾਰ ਗਹਿਰੇ ਸਦਮੇ ਵਿੱਚ ਹੈ, ਜਦਕਿ ਪੁਲਿਸ ਮਾਮਲੇ ਦੀ ਅਗਲੇ ਪੜਾਅ ਦੀ ਜਾਂਚ ਕਰ ਰਹੀ ਹੈ।

Related