ਨਵਾਂਸ਼ਹਿਰ(ਜਤਿੰਦਰ ਪਾਲ ਸਿੰਘ ਕਲੇਰ )-‘ਮਿਸ਼ਨ ਤੰਦਰੁਸਤ ਪੰਜਾਬ’ ਅਧੀਨ ਕਮਿਸ਼ਨਰ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਪੰਜਾਬ, ਡਾ. ਅਭਿਨਵ ਤ੍ਰਿਖਾ ਦੇ ਦਿਸ਼ਾ ਨਿਰਦੇਸ਼ਾਂ ’ਤੇ ਦੁੱਧ ਵਿੱਚ ਮਿਲਾਵਟਖੋਰੀ ਨੂੰ ਰੋਕਣ ਲਈ ਸਿਹਤ ਵਿਭਾਗ ਦੀ ਫੂਡ ਸੇਫਟੀ ਟੀਮ ਵਲੋਂ ਵਿਸ਼ੇਸ਼ ਮੁਹਿੰਮ ਚਲਾਈ ਗਈ।ਇਸ ਮੁਹਿੰਮ ਤਹਿਤ ਜੁਆਇੰਟ ਕਮਿਸ਼ਨਰ ਫੂਡ ਮਨੋਜ ਖੋਸਲਾ,ਫੂਡ ਸੇਫਟੀ ਅਫ਼ਸਰ ਸੰਗੀਤਾ ਸਹਿਦੇਵ ਅਤੇ ਦਿਨੇਸ਼ਜੋਤ ਸਿਘ ਦੀਆਂ ਟੀਮਾਂ ਨੇ ਲਗਾਤਾਰ ਚਾਰ ਦਿਨ ਦੀ ਮੁਹਿੰਮ ਚਲਾ ਕੇ ਜ਼ਿਲ੍ਹੇ ਦੇ ਵੱਖ-ਵੱਖ ਇਲਾਕਿਆਂ ਵਿੱਚ ਹੁਣ ਤੱਕ ਦੁੱਧ ਦੇ 20 ਸੈਂਪਲ ਭਰਕੇ ਨਿਰੀਖਣ ਲਈ ਪ੍ਰਯੋਗਸ਼ਾਲਾ ਭੇਜੇ ਹਨ। ਇਹ ਸੈਂਪਲ ਤੜਕਸਾਰ ਸੜ੍ਹਕੀ ਮਾਰਗਾਂ ‘ਤੇ ਨਾਕੇ ਲਗਾ ਕੇ ਦੁੱਧ ਦੇ ਟੈਂਕਰਾਂ, ਦੁੱਧ ਸਪਲਾਈ ਕਰਨ ਵਾਲੀਆਂ ਗੱਡੀਆਂ, ਦੋਧੀਆਂ ਅਤੇ ਡੇਰੀਆਂ ਤੋਂ ਭਰੇ ਗਏ।
ਖੋਸਲਾ ਨੇ ਦੱਸਿਆ ਕਿ ਮੁਹਿੰਮ ਚਲਾਉਣ ਦਾ ਇਕ ਵੱਡਾ ਕਾਰਨ ਇਹ ਵੀ ਹੈ ਕਿ ਪਿਛਲੇ ਦਿਨਾਂ ਤੋਂ ਵੱਖ-ਵੱਖ ਥਾਵਾਂ ‘ਤੇ ਦੁਧਾਰੂ ਪਸ਼ੂਆਂ ਵਿੱਚ ਲੰਪੀ ਸਕਿਨ ਇਨਫੈਕਸ਼ਨ ਜਾਂ ਧੱਫੜੀ ਰੋਗ ਦੇ ਵਾਇਰਸ ਪਾਏ ਜਾ ਰਹੇ ਹਨ, ਜਿਸ ਦੇ ਚੱਲਦੇ ਦੁੱਧ ਦੀ ਪੈਦਾਵਾਰ ਘੱਟਣ ਕਾਰਨ ਮੰਗ ਨੂੰ ਪੂਰਾ ਕਰਨ ਹਿੱਤ ਜੇਕਰ ਕੋਈ ਮਿਲਾਵਟੀ ਦੁੱਧ ਤਿਆਰ ਕਰਵਾ ਰਿਹਾ ਹੈ, ਤਾਂ ਉਨ੍ਹਾਂ ਨੂੰ ਨੱਥ ਪਾਈ ਜਾ ਸਕੇ।
ਇਸ ਮੌਕੇ ਫੂਡ ਸੇਫਟੀ ਅਫ਼ਸਰ ਦਿਨੇਸ਼ਜੋਤ ਸਿੰਘ ਅਤੇ ਸੰਗੀਤਾ ਸਹਿਦੇਵ ਨੇ ਦੱਸਿਆ ਕਿ ਇਹ ਮੁਹਿੰਮ ਲਗਾਤਾਰ ਜਾਰੀ ਰਹੇਗੀ ਅਤੇ ਸੈਂਪਲ ਫੇਲ ਹੋਣ ਤੇ ਦੋਸ਼ੀਆਂ ਖਿਲਾਫ ਐਕਟ ਅਧੀਨ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।