ਆਂਧਰਾ ਪ੍ਰਦੇਸ਼ ‘ਚ ਬੀਤੀ ਰਾਤ ਨੂੰ ਵਾਈਐੱਸਆਰ ਕਾਂਗਰਸ ਦੇ ਇਕ ਨੇਤਾ ਦਾ ਸੜਕ ਦੇ ਵਿਚਕਾਰ ਦੋਵੇਂ ਹੱਥ ਵੱਢ ਕੇ ਕਤਲ ਕਰ ਦਿੱਤਾ ਗਿਆ। ਮੁਲਜ਼ਮ ਦੀ ਪਛਾਣ ਟੀਡੀਪੀ ਦੇ ਸਥਾਨਕ ਆਗੂ ਵਜੋਂ ਹੋਈ ਹੈ।ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਨੌਜਵਾਨ ਨੂੰ ਗੰਭੀਰ ਹਾਲਤ ‘ਚ ਹਸਪਤਾਲ ਪਹੁੰਚਾਇਆ ਜਿੱਥੇ ਉਸ ਦੀ ਮੌਤ ਹੋ ਗਈ। ਪੁਲਿਸ ਨੇ ਘਟਨਾ ਦਾ ਕਾਰਨ ਆਪਸੀ ਦੁਸ਼ਮਣੀ ਦੱਸਿਆ ਹੈ। ਪੁਲਿਸ ਨੇ ਦੱਸਿਆ ਕਿ ਆਂਧਰਾ ਪ੍ਰਦੇਸ਼ ਦੇ ਪਲਨਾਡੂ ਜ਼ਿਲੇ ਦੇ ਵਿਨੁਕੋਂਡਾ ‘ਚ ਬੁੱਧਵਾਰ ਰਾਤ ਕਰੀਬ 8.30 ਵਜੇ ਇਕ ਨੌਜਵਾਨ ਨੇ YSR ਕਾਂਗਰਸ ਦੇ ਯੂਥ ਵਿੰਗ ਦੇ ਮੈਂਬਰ ਸ਼ੇਖ ਰਸ਼ੀਦ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿਤਾ।ਦੋਸ਼ੀ ਦੀ ਪਛਾਣ ਟੀਡੀਪੀ ਦੇ ਸਥਾਨਕ ਨੇਤਾ ਸ਼ੇਖ ਜਿਲਾਨੀ ਵਜੋਂ ਹੋਈ ਹੈ। ਜ਼ਿਲ੍ਹਾ ਪੁਲਿਸ ਮੁਖੀ ਕਾਂਚੀ ਸ੍ਰੀਨਿਵਾਸ ਰਾਓ ਨੇ ਕਿਹਾ ਕਿ ਜਾਂਚ ਤੋਂ ਸਾਫ਼ ਹੈ ਕਿ ਇਸ ਘਟਨਾ ਦਾ ਕਿਸੇ ਸਿਆਸੀ ਪਾਰਟੀ ਨਾਲ ਕੋਈ ਸਬੰਧ ਨਹੀਂ ਹੈ। ਹਾਲਾਂਕਿ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਵਿਨੁਕੋਂਡਾ ‘ਚ ਧਾਰਾ 144 ਲਾਗੂ ਕਰ ਦਿੱਤੀ ਗਈ ਹੈ।ਘਟਨਾ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ ਜਿਸ ਵਿੱਚ ਜਿਲਾਨੀ ਤੇਜ਼ਧਾਰ ਹਥਿਆਰਾਂ ਨਾਲ ਰਾਸ਼ਿਦ ‘ਤੇ ਹਮਲਾ ਕਰਦਾ ਨਜ਼ਰ ਆ ਰਿਹਾ ਹੈ। ਮੌਕੇ ‘ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਜਿਲਾਨੀ ਨੇ ਰਸ਼ੀਦ ਦੇ ਦੋਵੇਂ ਹੱਥ ਕੱਟ ਦਿੱਤੇ ਅਤੇ ਉਸ ਦੀ ਗਰਦਨ ‘ਤੇ ਜਾਨਲੇਵਾ ਹਮਲਾ ਕਰ ਦਿੱਤਾ।