ਮਿਆਂਮਾਰ ਵਿੱਚ ਸ਼ੁੱਕਰਵਾਰ ਦੁਪਹਿਰ ਕਰੀਬ 12 ਵਜੇ ਭੂਚਾਲ ਦੇ ਖ਼ਤਰਨਾਕ ਝਟਕੇ ਮਹਿਸੂਸ ਕੀਤੇ ਗਏ। ਰਿਐਕਟਰ ਸਕੇਲ ‘ਤੇ ਇਸ ਦੀ ਤੀਬਰਤਾ 7.7 ਸੀ। ਇਸ ਦੀ ਤੀਬਰਤਾ ਇੰਨੀ ਜ਼ਿਆਦਾ ਸੀ ਕਿ ਇਸ ਦੇ ਝਟਕੇ ਬੈਂਕਾਕ ਤੋਂ ਦਿੱਲੀ ਤੱਕ ਮਹਿਸੂਸ ਕੀਤੇ ਗਏ। ਦੱਸ ਦਈਏ ਕਿ ਇਸ ਦੇ ਝਟਕੇ ਗੁਆਂਢੀ ਦੇਸ਼ਾਂ ਬੰਗਲਾਦੇਸ਼, ਚੀਨ, ਲਾਓਸ ਅਤੇ ਥਾਈਲੈਂਡ ਅਤੇ ਭਾਰਤ ਵਿੱਚ ਵੀ ਮਹਿਸੂਸ ਕੀਤੇ ਗਏ। ਇਸ ਕਾਰਨ ਹੁਣ ਤੱਕ 100 ਤੋਂ ਵੱਧ ਮੌਤਾਂ ਦੀ ਖਬਰ ਆ ਰਹੀ ਹੈ।
ਘਰਾਂ ਦੀਆਂ ਖਿੜਕੀਆਂ, ਪੱਖੇ ਤੋਂ ਲੈ ਕੇ ਟਿਊਬ ਲਾਈਟਾਂ ਤੱਕ ਕੰਬਣ ਲੱਗੀਆਂ। ਮਿਆਂਮਾਰ ‘ਚ ਕਈ ਥਾਵਾਂ ‘ਤੇ ਬਹੁ-ਮੰਜ਼ਿਲਾ ਇਮਾਰਤਾਂ, ਪੁਲ ਡਿੱਗਣ ਅਤੇ ਲੋਕਾਂ ਦੇ ਮਲਬੇ ਹੇਠਾਂ ਦੱਬਣ ਦੀਆਂ ਖਬਰਾਂ ਹਨ। ਇਸ ਭੂਚਾਲ ਦਾ ਸਭ ਤੋਂ ਜ਼ਿਆਦਾ ਅਸਰ ਥਾਈਲੈਂਡ ‘ਚ ਦੇਖਣ ਨੂੰ ਮਿਲ ਰਿਹਾ ਹੈ। ਕਈ ਵੀਡੀਓ ਸਾਹਮਣੇ ਆਏ ਹਨ ਜਿਸ ਵਿਚ ਵੱਡੀਆਂ ਇਮਾਰਤਾਂ ਢਹਿ ਰਹੀਆਂ ਹਨ। ਬੈਂਕਾਕ ਵਿੱਚ ਇੱਕ ਬਹੁਮੰਜ਼ਿਲਾ ਇਮਾਰਤ ਦੇ ਡਿੱਗਣ ਨਾਲ 43 ਲੋਕਾਂ ਦੇ ਮਲਬੇ ਹੇਠਾਂ ਦੱਬੇ ਜਾਣ ਦੀ ਵੀ ਖ਼ਬਰ ਹੈ।
ਭੂਚਾਲ ਇੰਨਾ ਜ਼ਬਰਦਸਤ ਸੀ ਕਿ ਝਟਕਿਆਂ ਨਾਲ ਪੁਲ ਅਤੇ ਇਮਾਰਤਾਂ ਹਿੱਲਣ ਲੱਗੀਆਂ। ਭੂਚਾਲ ਦਾ ਕੇਂਦਰ ਮੱਧ ਮਿਆਂਮਾਰ ਵਿੱਚ ਸੀ, ਜੋ ਮੋਨੀਵਾ ਸ਼ਹਿਰ ਤੋਂ ਲਗਭਗ 50 ਕਿਲੋਮੀਟਰ (30 ਮੀਲ) ਪੂਰਬ ਵਿੱਚ ਸੀ। ਮਿਆਂਮਾਰ ਵਿੱਚ ਭੂਚਾਲ ਦੇ ਪ੍ਰਭਾਵ ਦੀ ਤੁਰੰਤ ਕੋਈ ਰਿਪੋਰਟ ਨਹੀਂ ਹੈ।