
Skip to content

6 ਲੋਕ ਜ਼ਖ਼ਮੀ; ਮਲਬੇ ਹੇਠ ਫਸੇ ਲੋਕਾਂ ਦੀ ਭਾਲ ਲਈ ਬਚਾਅ ਕਾਰਜ ਜਾਰੀ
ਕੋਨਾਕਰੀ/ਅਮਿਤ ਨੱਖਵਾਲ: ਅਫ਼ਰੀਕੀ ਦੇਸ਼ ਗਿਨੀ ਦੀ ਰਾਜਧਾਨੀ ਕੋਨਾਕਰੀ ਵਿੱਚ ਐਤਵਾਰ ਸਵੇਰੇ ਭਾਰੀ ਮੀਂਹ ਤੋਂ ਬਾਅਦ ਵੱਡਾ ਹਾਦਸਾ ਵਾਪਰਿਆ। ਸ਼ਹਿਰ ਦੇ ਦਾਰ-ਏ-ਸਲਾਮ ਇਲਾਕੇ ਵਿੱਚ ਸਥਿਤ ਵੱਡੇ ਲੈਂਡਫਿਲ ਵਿੱਚ ਕੂੜੇ ਦਾ ਵਿਸ਼ਾਲ ਢੇਰ ਅਚਾਨਕ ਢਹਿ ਗਿਆ। ਇਸ ਹਾਦਸੇ ਵਿੱਚ ਘੱਟੋ-ਘੱਟ 30 ਲੋਕਾਂ ਦੀ ਮੌਤ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ, ਜਦਕਿ 6 ਲੋਕ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਏ ਹਨ।
ਜਾਣਕਾਰੀ ਮੁਤਾਬਕ ਤੜਕੇ ਕਰੀਬ 2 ਵਜੇ ਭਾਰੀ ਮੀਂਹ ਤੋਂ ਬਾਅਦ ਕੂੜੇ ਦਾ ਵੱਡਾ ਢੇਰ ਖਿਸਕ ਗਿਆ। ਇਸ ਕਾਰਨ ਨੇੜੇ ਬਣੀਆਂ ਕਈ ਕੱਚੀਆਂ ਝੁੱਗੀਆਂ ਅਤੇ ਘਰ ਮਲਬੇ ਹੇਠ ਦੱਬ ਗਏ। ਘਟਨਾ ਦੀ ਸੂਚਨਾ ਮਿਲਦੇ ਹੀ ਰਾਹਤ ਅਤੇ ਬਚਾਅ ਟੀਮਾਂ ਮੌਕੇ ’ਤੇ ਪਹੁੰਚੀਆਂ ਅਤੇ ਮਲਬੇ ਹੇਠ ਫਸੇ ਲੋਕਾਂ ਦੀ ਭਾਲ ਸ਼ੁਰੂ ਕਰ ਦਿੱਤੀ।
ਅਧਿਕਾਰੀਆਂ ਮੁਤਾਬਕ ਕਈ ਘਰ ਪੂਰੀ ਤਰ੍ਹਾਂ ਤਬਾਹ ਹੋ ਗਏ ਹਨ। ਫ਼ੌਜੀ ਇੰਜੀਨੀਅਰਿੰਗ ਬਟਾਲੀਅਨ ਦੇ ਸੈਨੀਟੇਸ਼ਨ ਅਧਿਕਾਰੀ ਲੈਫਟੀਨੈਂਟ ਕਰਨਲ ਬਾਲਡੇ ਮਾਮਾਦੌ ਬੈਲੋ ਨੇ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਸ਼ਹਿਰ ਦੇ ਇਸ ਵੱਡੇ ਖੁੱਲ੍ਹੇ ਕੂੜਾ ਡੰਪ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਗਿਆ ਸੀ।
ਪ੍ਰਸ਼ਾਸਨ ਦਾ ਕਹਿਣਾ ਹੈ ਕਿ ਲੈਂਡਫਿਲ ਦੇ ਨੇੜੇ ਰਹਿਣ ਵਾਲੇ ਲੋਕਾਂ ਨੂੰ ਪਹਿਲਾਂ ਹੀ ਇਲਾਕਾ ਖਾਲੀ ਕਰਨ ਲਈ ਨੋਟਿਸ ਜਾਰੀ ਕੀਤੇ ਗਏ ਸਨ। ਕਈ ਪਰਿਵਾਰ ਉੱਥੋਂ ਚਲੇ ਵੀ ਗਏ ਸਨ, ਪਰ ਹਾਦਸੇ ਦੇ ਸਮੇਂ ਕੁਝ ਲੋਕ ਅਜੇ ਵੀ ਇਲਾਕੇ ਵਿੱਚ ਮੌਜੂਦ ਸਨ।
ਫਿਲਹਾਲ ਬਚਾਅ ਕਾਰਜ ਜਾਰੀ ਹਨ ਅਤੇ ਅਧਿਕਾਰੀਆਂ ਵੱਲੋਂ ਮਲਬੇ ਹੇਠ ਹੋਰ ਲੋਕਾਂ ਦੇ ਫਸੇ ਹੋਣ ਦੀ ਸੰਭਾਵਨਾ ਦੇ ਮੱਦੇਨਜ਼ਰ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ।
ਰਿਪੋਰਟ :- ਅਮਿਤ ਨੱਖਵਾਲ
Related