ਜਲੰਧਰ(ਵਿੱਕੀ ਸੂਰੀ):- ਜਲੰਧਰ ‘ਚ ਪੁਲਿਸ ਨੇ ਹੁਣ ਤਕ ਦੀ ਨਸ਼ੇ ਦੀ ਸੱਭ ਤੋਂ ਵੱਡੀ ਖੇਪ ਬਰਾਮਦ ਕੀਤੀ ਹੈ। ਜਲੰਧਰ ਸਿਟੀ ਪੁਲਿਸ ਨੇ ਇਕ ਔਰਤ ਸਮੇਤ ਤਿੰਨ ਨਸ਼ਾ ਤਸਕਰਾਂ ਨੂੰ ਕਰੀਬ 48 ਕਿਲੋ ਹੈਰੋਇਨ ਸਮੇਤ ਕਾਬੂ ਕੀਤਾ ਹੈ। ਉਕਤ ਹੈਰੋਇਨ ਦੀ ਬਾਜ਼ਾਰੀ ਕੀਮਤ ਕਰੀਬ 250 ਕਰੋੜ ਰੁਪਏ ਦੱਸੀ ਜਾ ਰਹੀ ਹੈ।
ਪੰਜਾਬ ਪੁਲਿਸ ਅਨੁਸਾਰ ਇਹ ਡਰੱਗ ਸਿੰਡੀਕੇਟ ਸਰਹੱਦ ਪਾਰੋਂ ਅਤੇ ਅੰਤਰ-ਰਾਜੀ ਨਸ਼ੀਲੇ ਪਦਾਰਥਾਂ ਦੀ ਤਸਕਰੀ ਵਿਚ ਸਰਗਰਮੀ ਨਾਲ ਸ਼ਾਮਲ ਸੀ ਅਤੇ 5 ਦੇਸ਼ਾਂ (ਇਰਾਨ, ਅਫਗਾਨਿਸਤਾਨ, ਤੁਰਕੀ, ਪਾਕਿਸਤਾਨ ਅਤੇ ਕੈਨੇਡਾ) ਦੇ ਨਾਲ-ਨਾਲ 2 ਘਰੇਲੂ ਸੂਬਿਆਂ (ਜੰਮੂ-ਕਸ਼ਮੀਰ ਅਤੇ ਗੁਜਰਾਤ) ਵਿਚ ਫੈਲਿਆ ਹੋਇਆ ਸੀ।
ਮੁਲਜ਼ਮਾਂ ਕੋਲੋਂ 21 ਲੱਖ ਰੁਪਏ ਦੇ ਨਾਜਾਇਜ਼ ਫੰਡ ਸਮੇਤ ਕੈਸ਼ ਕਾਊਂਟਿੰਗ ਮਸ਼ੀਨ ਅਤੇ ਤਿੰਨ ਅਤਿ-ਆਧੁਨਿਕ ਵਾਹਨ ਜ਼ਬਤ ਕੀਤੇ ਗਏ। ਪੁਲਿਸ ਵਲੋਂ ਐਨ.ਡੀ.ਪੀ.ਐਸ. ਐਕਟ ਤਹਿਤ ਐਫ.ਆਈ.ਆਰ. ਦਰਜ ਕੀਤੀ ਗਈ ਹੈ ਅਤੇ ਡਰੱਗ ਨੈਟਵਰਕ ਨੂੰ ਨਸ਼ਟ ਕਰਨ ਲਈ ਅਗਲੇਰੀ ਜਾਂਚ ਜਾਰੀ ਹੈ। ਪੁਲਿਸ ਨੇ ਮੁਲਜ਼ਮਾਂ ਕੋਲੋਂ ਤਿੰਨ ਲਗਜ਼ਰੀ ਗੱਡੀਆਂ ਵੀ ਬਰਾਮਦ ਕੀਤੀਆਂ ਹਨ। ਫੜੇ ਗਏ ਮੁਲਜ਼ਮਾਂ ਖ਼ਿਲਾਫ਼ ਪਹਿਲਾਂ ਵੀ ਕਈ ਕੇਸ ਦਰਜ ਹਨ।
ਪੁਲੀਸ ਵਲੋਂ ਮੁਲਜ਼ਮਾਂ ਦੇ ਅਗਲੇ ਅਤੇ ਪਿਛਲੇ ਸਬੰਧਾਂ ਦੀ ਜਾਂਚ ਕੀਤੀ ਜਾ ਰਹੀ ਹੈ। ਤਾਂ ਜੋ ਇਹ ਪਤਾ ਲੱਗ ਸਕੇ ਕਿ ਉਕਤ ਮੁਲਜ਼ਮ ਦੇਸ਼-ਵਿਦੇਸ਼ ਵਿਚ ਕਿਹੜੇ-ਕਿਹੜੇ ਤਸਕਰਾਂ ਨਾਲ ਸਬੰਧ ਰੱਖਦੇ ਹਨ। ਦੱਸ ਦੇਈਏ ਕਿ ਬਰਾਮਦ ਹੋਈ ਹੈਰੋਇਨ ਜਲੰਧਰ ਦੀ ਹੁਣ ਤਕ ਦੀ ਸੱਭ ਤੋਂ ਵੱਡੀ ਬਰਾਮਦਗੀ ਹੈ।