ਜਲੰਧਰ,(ਵਿੱਕੀ ਸੂਰੀ)- ਬੂਟਾ ਮੰਡੀ ਸ੍ਰੀ ਗੁਰੂ ਰਵਿਦਾਸ ਧਾਮ ਦੇ ਨਾਲ ਲੱਗਦੀ ਗਲੀ ਵਿਚ ਬਿਜਲੀ ਵਿਭਾਗ ਦੀ ਵੱਡੀ ਲਾਪਰਵਾਹੀ ਦੇਖਣ ਨੂੰ ਮਿਲ ਰਹੀ ਹੈ। ਸ੍ਰੀ ਗੁਰੂ ਰਵਿਦਾਸ ਧਾਮ ਦੇ ਨਾਲ ਲੱਗਦੀ ਗਲੀ ਵਿਚ ਬਿਜਲੀ ਦੀ ਹਾਈ ਵੋਲਟੇਜ ਤਾਰ ਜੋ ਕਿ ਇਲਾਕੇ ਨੂੰ ਸਪਲਾਈ ਦਿੰਦੀ ਹੈ, ਅੱਜ ਤੋਂ ਕਰੀਬ 15 ਦਿਨ ਪਹਿਲਾਂ ਇਹ ਤਾਰ ਕਿਸੇ ਕਾਰਨ ਕਰਕੇ ਬਹੁਤ ਜ਼ਿਆਦਾ ਹੇਠਾਂ ਵੱਲ ਨੂੰ ਲਮਕ ਗਈ ਹੈ, ਜੋ ਕਿ ਮੁਹੱਲਾ ਵਾਸੀਆਂ ਤੇ ਇਥੋਂ ਲੰਘਦੇ ਲੋਕਾਂ ਲਈ ਬਹੁਤ ਵੱਡਾ ਖਤਰਾ ਹੈ ਅਤੇ ਕਿਸੇ ਵੱਡੇ ਹਾਦਸੇ ਨੂੰ ਸੱਦਾ ਦੇ ਸਕਦੀ ਹੈ।

    ਬਿਜਲੀ ਬੋਰਡ ਦੇ ਕਰਮਚਾਰੀਆਂ ਦੇ ਕੰਨਾਂ ’ਤੇ ਨਹੀਂ ਸਰਕਦੀ ਜੂੰਅ

    ਮੁਹੱਲਾ ਵਾਸੀਆਂ ਨੇ ਇਸ ਸੰਬੰਧੀ ਜਾਣੂ ਕਰਵਾਉਣ ਲਈ ਐੱਸ. ਡੀ. ਓ. ਸਾਹਿਬ, ਜੇ. ਈ. ਸਾਹਿਬ ਨੂੰ ਕਈ ਵਾਰ ਫੋਨ ਕੀਤੇ ਪਰ ਅਜੇ ਤਕ ਇਸ ਉੱਤੇ ਕੋਈ ਸੁਣਵਾਈ ਨਹੀਂ ਹੋਈ ਹੈ। ਅੱਜ ਜਦੋਂ ਵੈਲਕਮ ਪੰਜਾਬ ਦੇ ਪੱਤਰਕਾਰ ਨੇ ਐਕਸੀਅਨ ਸਾਹਿਬ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਕੋਈ ਤਸੱਲੀਬਖਸ਼ ਜਬਾਬ ਨਾ ਦਿੱਤਾ ਤੇ ਫੋਨ ਬੰਦ ਕਰ ਦਿੱਤਾ। ਦੱਸ ਦੇਈਏ ਕਿ ਇਥੋਂ ਅਕਸਰ ਵੱਡੀਆਂ ਤੇ ਛੋਟੀਆਂ-ਗੱਡੀਆਂ, ਸਕੂਲ ਦੇ ਬੱਚੇ ਤੇ ਰਾਹਗੀਰ ਲੰਘਦੇ ਹਨ, ਇਨਾਂ ਸਭ ਲਈ ਇਹ ਤਾਰ ਇਕ ਵੱਡਾ ਖਤਰਾ ਹੈ, ਜੋ ਕਿ ਕਿਸੇ ਵੀ ਸਮੇਂ ਟੁੱਟ ਸਕਦੀ ਹੈ ਅਤੇ ਵੱਡੇ ਹਾਦਸੇ ਦਾ ਕਾਰਣ ਬਣ ਸਕਦੀ ਹੈ।

    ਇਸ ਸੰਬੰਧੀ ਲੋਕਾਂ ਵਲੋਂ ਬਹੁਤ ਵਾਰ ਸ਼ਿਕਾਇਤ ਕੀਤੀ ਗਈ ਪਰ ਅਫਸਰਾਂ ਵਲੋਂ ਟਾਲ-ਮਟੋਲ ਕੀਤਾ ਜਾ ਰਿਹਾ ਹੈ। ਇਲਾਕਾ ਵਾਸੀਆਂ ਦੀ ਮੰਗ ਹੈ ਕਿ ਇਸ ਖਤਰੇ ਦੀ ਤਾਰ ਦਾ ਜਲਦ ਤੋਂ ਜਲਦ ਪ੍ਰੰਬਧ ਕੀਤਾ ਜਾਵੇ ਨਹੀਂ ਤਾਂ ਉਹ ਬੂਟਾ ਮੰਡੀ ਦਫ਼ਤਰ ਦੇ ਬਾਹਰ ਧਰਨਾ ਦੇਣ ਲਈ ਮਜ਼ਬੂਰ ਹੋਣਗੇ। ਇਸ ਮੌਕੇ ਮੁਹੱਲਾ ਵਾਸੀ, ਰਵਿੰਦਰ ਚੌਧਰੀ (ਪ੍ਰਧਾਨ), ਰਾਜੂ ਭੁਪਿੰਦਰ, ਪੰਮਾ ਜੀ, ਬੰਟੀ ਜੀ, ਰਾਜ ਕਿਸ਼ੋਰ ਜੀ, ਸੁਮੀਤ ਜੀ, ਸ਼ੰਕਰ ਰਾਮ ਜੀ, ਰਾਮ ਆਸਰਾ ਜੀ ਤੇ ਮਨੀ ਰਾਮ ਆਦਿ ਸ਼ਾਮਲ ਸਨ।