ਗਰਮੀਆਂ ਦੀਆਂ ਛੁੱਟੀਆਂ ’ਚ ਸ਼ਿਮਲਾ ਵੱਲ ਸੈਲਾਨੀਆਂ ਦਾ ਰੁਖ, 45 ਦਿਨਾਂ ’ਚ 15 ਲੱਖ ਤੋਂ ਵੱਧ ਵਾਹਨ ਪਹੁੰਚੇ; ਜਾਮ ਨਾਲ ਨਜਿੱਠਣ ਲਈ ਪੁਲਿਸ ਦੀ 5 ਨੁਕਾਤੀ ਯੋਜਨਾ

ਗਰਮੀਆਂ ਦੀਆਂ ਛੁੱਟੀਆਂ ਸ਼ੁਰੂ ਹੋਣ ਨਾਲ ਹੀ ਪਹਾੜਾਂ ਦੀ ਰਾਣੀ ਸ਼ਿਮਲਾ ਵਿਚ ਸੈਲਾਨੀਆਂ ਦੀ ਭਾਰੀ ਆਮਦ ਦੇਖਣ ਨੂੰ ਮਿਲ ਰਹੀ ਹੈ। ਪਹਿਲੀ ਮਈ ਤੋਂ 15 ਜੂਨ ਤੱਕ ਕਰੀਬ 45 ਦਿਨਾਂ ਦੌਰਾਨ 15 ਲੱਖ ਤੋਂ ਵੱਧ ਵਾਹਨ ਸ਼ਹਿਰ ਵਿਚ ਦਾਖਲ ਹੋਏ ਹਨ, ਜਿਸ ਕਾਰਨ ਹਾਈਵੇ ਅਤੇ ਸ਼ਹਿਰ ਦੀਆਂ ਸੰਪਰਕ ਸੜਕਾਂ ’ਤੇ ਲੰਬੇ ਟਰੈਫ਼ਿਕ ਜਾਮ ਲੱਗ ਰਹੇ ਹਨ। ਹੋਟਲ ਮਾਲਕਾਂ ਮੁਤਾਬਕ ਵੀਕਐਂਡ ਦੌਰਾਨ ਹੋਟਲਾਂ ਦੀ ਭਰਤੀ 90 ਫੀਸਦੀ ਤੱਕ ਪਹੁੰਚ ਰਹੀ ਹੈ।

ਵਧਦੇ ਟਰੈਫ਼ਿਕ ਦਬਾਅ ਨੂੰ ਦੇਖਦੇ ਹੋਏ ਸ਼ਿਮਲਾ ਪੁਲਿਸ ਨੇ ਸੈਲਾਨੀਆਂ ਅਤੇ ਸਥਾਨਕ ਲੋਕਾਂ ਦੀ ਸੁਵਿਧਾ ਲਈ ਪੰਜ ਨੁਕਾਤੀ ਰਣਨੀਤੀ ਲਾਗੂ ਕੀਤੀ ਹੈ। ਪੁਲਿਸ ਸੁਪਰਡੈਂਟ ਗੌਰਵ ਸਿੰਘ ਨੇ ਕਿਹਾ ਕਿ ਅੰਦਰੂਨੀ ਰੁਕਾਵਟਾਂ ਨੂੰ ਸਮੇਂ ਸਿਰ ਦੂਰ ਕਰਕੇ ਵੱਡੀ ਗਿਣਤੀ ਵਿਚ ਆਉਣ ਵਾਲੇ ਵਾਹਨਾਂ ਦਾ ਪ੍ਰਬੰਧਨ ਕੀਤਾ ਜਾ ਸਕਦਾ ਹੈ।

ਯੋਜਨਾ ਤਹਿਤ ਵਾਧੂ ਪੁਲਿਸ ਫੋਰਸ ਅਤੇ ਬਾਈਕ-ਮਾਊਂਟਡ ਕਰਮਚਾਰੀ ਤਾਇਨਾਤ ਕੀਤੇ ਗਏ ਹਨ। ਟਰੈਫ਼ਿਕ ਨਿਯਮਾਂ ਦੀ ਉਲੰਘਣਾ ’ਤੇ ਨਜ਼ਰ ਰੱਖਣ ਲਈ ਇੰਟਰਸੈਪਟਰ ਵਾਹਨਾਂ ਦੀ ਵਰਤੋਂ ਕੀਤੀ ਜਾ ਰਹੀ ਹੈ ਅਤੇ ਪੂਰੇ ਸ਼ਹਿਰ ਨੂੰ ਪੰਜ ਸੈਕਟਰਾਂ ਵਿਚ ਵੰਡ ਕੇ ਨਿਗਰਾਨੀ ਕੀਤੀ ਜਾ ਰਹੀ ਹੈ।

ਇਸ ਦੇ ਨਾਲ ਹੀ ਸੈਲਾਨੀਆਂ ਨੂੰ ਬਦਲਵੇਂ ਰੂਟਾਂ ਬਾਰੇ ਜਾਣਕਾਰੀ ਅਤੇ ਜਨਤਕ ਆਵਾਜਾਈ ਦੀ ਵਰਤੋਂ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਕਾਰਟ ਰੋਡ ’ਤੇ ਭਾਰੀ ਵਾਹਨਾਂ ਦੇ ਖਰਾਬ ਹੋਣ ਨਾਲ ਪੈਦਾ ਹੋਣ ਵਾਲੀ ਸਮੱਸਿਆ ਨੂੰ ਧਿਆਨ ਵਿਚ ਰੱਖਦਿਆਂ ਤਿੰਨ ਕਰੇਨਾਂ ਤਾਇਨਾਤ ਕੀਤੀਆਂ ਗਈਆਂ ਹਨ।

ਗੈਰ-ਕਾਨੂੰਨੀ ਪਾਰਕਿੰਗ ਅਤੇ ਬੇਤਰਤੀਬ ਢੰਗ ਨਾਲ ਖੜ੍ਹੀਆਂ ਪ੍ਰਾਈਵੇਟ ਬੱਸਾਂ ਖ਼ਿਲਾਫ਼ ਵੀ ਕਾਰਵਾਈ ਜਾਰੀ ਹੈ। ਟਰੈਫ਼ਿਕ ਪ੍ਰਬੰਧਨ ਲਈ 210 ਵਾਧੂ ਪੁਲਿਸ ਕਰਮਚਾਰੀ ਅਤੇ ਹੋਮ ਗਾਰਡ ਤਾਇਨਾਤ ਕੀਤੇ ਗਏ ਹਨ, ਜਦਕਿ 42 ਬਾਈਕ-ਮਾਊਂਟਡ ਕਰਮਚਾਰੀਆਂ ਦੀ ਵਿਸ਼ੇਸ਼ ਟੀਮ ਵੀ ਬਣਾਈ ਗਈ ਹੈ। ਪੁਲਿਸ ਨੇ ਕੁਫਰੀ, ਨਾਰਕੰਡਾ ਅਤੇ ਕਿੰਨੌਰ ਜਾਣ ਵਾਲੇ ਸੈਲਾਨੀਆਂ ਨੂੰ ਸ਼ੋਘੀ-ਮੇਹਲੀ ਬਾਈਪਾਸ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ ਹੈ, ਜਿਸ ਨਾਲ ਰੋਜ਼ਾਨਾ ਕਰੀਬ 800 ਵਾਹਨ ਸ਼ਹਿਰ ਤੋਂ ਬਾਹਰ ਮੋੜੇ ਜਾ ਰਹੇ ਹਨ।