ਹਿਮਾਚਲ ਪ੍ਰਦੇਸ਼ ਵੱਲੋਂ ਲਗਾਏ ਗਏ ਐਂਟਰੀ ਟੈਕਸ ਦੇ ਵਿਰੋਧ ਵਿੱਚ ਪੰਜਾਬ ਦੇ ਕੁਝ ਜਥੇਦਾਰਾਂ ਨੇ ਮਹਿਤਪੁਰ ਐਂਟਰੀ ਪੁਆਇੰਟ ‘ਤੇ ਰੋਸ ਪ੍ਰਦਰਸ਼ਨ ਕਰਦਿਆਂ ਹਿਮਾਚਲ ਤੋਂ ਪੰਜਾਬ ਆਉਣ ਵਾਲੇ ਵਾਹਨਾਂ ਦਾ ਰਸਤਾ ਰੋਕ ਦਿੱਤਾ। ਪ੍ਰਦਰਸ਼ਨਕਾਰੀਆਂ ਨੇ ਮੰਗ ਕੀਤੀ ਕਿ ਹਿਮਾਚਲ ਸਰਕਾਰ ਤੁਰੰਤ ਐਂਟਰੀ ਟੈਕਸ ਖਤਮ ਕਰੇ, ਕਿਉਂਕਿ ਵਾਹਨ ਮਾਲਕ ਪਹਿਲਾਂ ਹੀ ਰੋਡ ਟੈਕਸ ਸਮੇਤ ਹੋਰ ਸਾਰੇ ਟੈਕਸ ਅਦਾ ਕਰਦੇ ਹਨ।

ਰੋਸ ਪ੍ਰਦਰਸ਼ਨ ਕਾਰਨ ਹਿਮਾਚਲ ਤੋਂ ਪੰਜਾਬ ਆ ਰਹੇ ਕਈ ਡਰਾਈਵਰਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਅਤੇ ਉਨ੍ਹਾਂ ਨੂੰ ਵਿਕਲਪਿਕ ਰਸਤਿਆਂ ਰਾਹੀਂ ਸਫ਼ਰ ਕਰਨ ਲਈ ਮਜਬੂਰ ਹੋਣਾ ਪਿਆ। ਪ੍ਰਦਰਸ਼ਨਕਾਰੀਆਂ ਨੇ ਚੇਤਾਵਨੀ ਦਿੱਤੀ ਕਿ ਜਦੋਂ ਤੱਕ ਐਂਟਰੀ ਟੈਕਸ ਨਹੀਂ ਹਟਾਇਆ ਜਾਂਦਾ, ਹਿਮਾਚਲ ਤੋਂ ਪੰਜਾਬ ਵਿੱਚ ਦਾਖ਼ਲ ਹੋਣ ਵਾਲੇ ਵਾਹਨਾਂ ਦਾ ਵਿਰੋਧ ਜਾ ਰਹੇਗਾ |

ਜਥੇਦਾਰ ਕਸ਼ਮੀਰ ਸਿੰਘ ਨੰਗਲੀ ਅਤੇ ਸੁਰਜੀਤ ਸਿੰਘ ਢੇਰ ਨੇ ਕਿਹਾ ਕਿ ਐਂਟਰੀ ਟੈਕਸ ਲੋਕਾਂ ‘ਤੇ ਵਾਧੂ ਆਰਥਿਕ ਬੋਝ ਹੈ ਅਤੇ ਇਸਨੂੰ ਤੁਰੰਤ ਖਤਮ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਦੋਸ਼ ਲਾਇਆ ਕਿ ਪੰਜਾਬ ਸਰਕਾਰ ਵੱਲੋਂ ਪਹਿਲਾਂ ਦਿੱਤੇ ਭਰੋਸਿਆਂ ਦੇ ਬਾਵਜੂਦ ਇਸ ਮਾਮਲੇ ਵਿੱਚ ਕੋਈ ਕਾਰਵਾਈ ਨਹੀਂ ਕੀਤੀ ਗਈ, ਜਿਸ ਕਾਰਨ ਉਨ੍ਹਾਂ ਨੂੰ ਸੜਕਾਂ ‘ਤੇ ਉਤਰਨਾ ਪਿਆ।