ਜੰਮੂ ਅਤੇ ਕਸ਼ਮੀਰ ਦੇ ਯੂਟੀ ਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ, ਪੰਜਾਬ ਸਰਕਾਰ ਨੇ ਪੰਜਾਬ ਵਿਚ ਕੰਮ ਕਰਦੇ ਜੰਮੂ ਅਤੇ ਕਸ਼ਮੀਰ (ਯੂਟੀ) ਦੇ ਵੋਟਰਾਂ ਲਈ 25 ਸਤੰਬਰ, 2024 ਅਤੇ 1 ਅਕਤੂਬਰ, 2024 ਨੂੰ ਤਨਖ਼ਾਹ ਸਮੇਤ ਛੁੱਟੀ ਦਾ ਐਲਾਨ ਕੀਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਸਰਕਾਰ ਦੇ ਅਧਿਕਾਰਤ ਬੁਲਾਰੇ ਨੇ ਦਸਿਆ ਕਿ ਜੇਕਰ ਕੋਈ ਅਧਿਕਾਰੀ/ਕਰਮਚਾਰੀ ਜੰਮੂ-ਕਸ਼ਮੀਰ ਦੇ ਯੂਟੀ ਦੀ ਵਿਧਾਨ ਸਭਾ ਦੀ ਵੋਟਰ ਸੂਚੀ ਵਿਚ ਵੋਟਰ ਵਜੋਂ ਰਜਿਸਟਰ ਹੈ ਅਤੇ ਪੰਜਾਬ ਦੇ ਸਰਕਾਰੀ ਦਫ਼ਤਰਾਂ/ ਬੋਰਡਾਂ/ਕਾਰਪੋਰੇਸ਼ਨਾਂ ਅਤੇ ਸਰਕਾਰੀ ਵਿਦਿਅਕ ਅਦਾਰਿਆਂ ਵਿਚ ਕੰਮ ਕਰ ਰਿਹਾ ਹੈ, ਤਾਂ ਉਹ ਵੋਟ ਪਾਉਣ ਲਈ ਅਪਣਾ ਵੋਟਰ ਸ਼ਨਾਖਤੀ ਕਾਰਡ ਪੇਸ਼ ਕਰ ਕੇ ਸਮਰੱਥ ਅਥਾਰਟੀ ਤੋਂ 25 ਸਤੰਬਰ, 2024 ਅਤੇ 1 ਅਕਤੂਬਰ 2024 (ਵੋਟਿੰਗ ਦੇ ਪੜਾਅ ਅਨੁਸਾਰ) ਨੂੰ ਵਿਸ਼ੇਸ਼ ਛੁੱਟੀ ਲੈ ਸਕਦਾ ਹੈ। ਦਸਣਯੋਗ ਹੈ ਕਿ ਇਹ ਛੁੱਟੀ ਅਧਿਕਾਰੀ/ਕਰਮਚਾਰੀ ਦੇ ਛੁੱਟੀਆਂ ਦੇ ਖਾਤੇ ਵਿਚੋਂ ਨਹੀਂ ਕੱਟੀ ਜਾਵੇਗੀ।
ਉਨ੍ਹਾਂ ਦਸਿਆ ਕਿ ਪ੍ਰਸੋਨਲ ਵਿਭਾਗ ਨੇ ਇਸ ਸਬੰਧੀ ਨੋਟੀਫ਼ੀਕੇਸ਼ਨ ਜਾਰੀ ਕਰ ਦਿਤਾ ਹੈ। ਇਸੇ ਤਰ੍ਹਾਂ ਹਰਿਆਣਾ ਰਾਜ ਵਿਚ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ, ਪੰਜਾਬ ਸਰਕਾਰ ਨੇ 5 ਅਕਤੂਬਰ, 2024 ਨੂੰ ਤਨਖ਼ਾਹ ਸਮੇਤ ਛੁੱਟੀ ਦਾ ਐਲਾਨ ਕੀਤਾ ਹੈ।