ਖੰਨਾ ਦੇ ਹੋਟਲ ‘ਚ ਪ੍ਰੇਮੀ ਜੋੜੇ ਦੀਆਂ ਮਿਲੀਆਂ ਲਾਸ਼ਾਂ, ਮੁੱਢਲੀ ਜਾਂਚ ‘ਚ ਕਤਲ ਮਗਰੋਂ ਖੁਦਕੁਸ਼ੀ ਦਾ ਸ਼ੱਕ

ਖੰਨਾ (ਅਰਸ਼ਦੀਪ ਸਿੰਘ ਕਾਲੜਾ): ਖੰਨਾ ਸ਼ਹਿਰ ਦੇ ਜੀ.ਟੀ. ਰੋਡ ਸਥਿਤ ਗ੍ਰੀਨਲੈਂਡ ਹੋਟਲ ਵਿੱਚ ਬੁੱਧਵਾਰ ਨੂੰ ਉਸ ਵੇਲੇ ਸਨਸਨੀ ਫੈਲ ਗਈ ਜਦੋਂ ਇੱਕ ਕਮਰੇ ਵਿੱਚ ਪ੍ਰੇਮੀ ਜੋੜਾ ਖੂਨ ਨਾਲ ਲੱਥਪੱਥ ਮ੍ਰਿਤਕ ਹਾਲਤ ਵਿੱਚ ਮਿਲਿਆ। ਪੁਲਿਸ ਦੀ ਮੁੱਢਲੀ ਜਾਂਚ ਮੁਤਾਬਕ ਨੌਜਵਾਨ ਨੇ ਪਹਿਲਾਂ ਮਹਿਲਾ ਨੂੰ ਗੋਲੀ ਮਾਰ ਕੇ ਕਤਲ ਕੀਤਾ ਅਤੇ ਬਾਅਦ ਵਿੱਚ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਹਾਲਾਂਕਿ ਪੁਲਿਸ ਨੇ ਸਪੱਸ਼ਟ ਕੀਤਾ ਹੈ ਕਿ ਅੰਤਿਮ ਨਤੀਜਾ ਪੋਸਟਮਾਰਟਮ ਅਤੇ ਫੋਰੈਂਸਿਕ ਰਿਪੋਰਟਾਂ ਤੋਂ ਬਾਅਦ ਹੀ ਸਾਹਮਣੇ ਆਵੇਗਾ।

ਮੌਕੇ ਤੋਂ 9 ਐੱਮ.ਐੱਮ. ਦਾ ਇੱਕ ਹਥਿਆਰ ਅਤੇ ਦੋ ਮੈਗਜ਼ੀਨ ਬਰਾਮਦ ਕੀਤੇ ਗਏ ਹਨ। ਜਾਣਕਾਰੀ ਅਨੁਸਾਰ ਦੋਵੇਂ ਬੁੱਧਵਾਰ ਤੜਕੇ ਕਰੀਬ 2:30 ਤੋਂ 3:00 ਵਜੇ ਦੇ ਵਿਚਕਾਰ ਹੋਟਲ ਪਹੁੰਚੇ ਸਨ। ਉਨ੍ਹਾਂ ਨਾਲ ਖੰਨਾ ਦਾ ਇੱਕ ਨੌਜਵਾਨ ਵੀ ਸੀ, ਜਿਸ ਨੇ ਹੋਟਲ ਪ੍ਰਬੰਧਨ ਕੋਲ ਸਿਫ਼ਾਰਸ਼ ਕਰਕੇ ਕਮਰਾ ਦਿਵਾਇਆ।

ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਹੋਟਲ ਪ੍ਰਬੰਧਨ ਨੇ ਨਿਯਮਾਂ ਦੀ ਉਲੰਘਣਾ ਕਰਦਿਆਂ ਨਾ ਤਾਂ ਦੋਵਾਂ ਦੇ ਨਾਮ ਹੋਟਲ ਰਜਿਸਟਰ ਵਿੱਚ ਦਰਜ ਕੀਤੇ ਅਤੇ ਨਾ ਹੀ ਉਨ੍ਹਾਂ ਤੋਂ ਕੋਈ ਪਛਾਣ ਪੱਤਰ ਜਾਂ ਆਧਾਰ ਕਾਰਡ ਲਿਆ। ਪੁਲਿਸ ਇਸ ਲਾਪਰਵਾਹੀ ਦੀ ਵੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ।

ਦੁਪਹਿਰ ਕਰੀਬ 12 ਵਜੇ ਤੱਕ ਕਮਰੇ ਵਿੱਚੋਂ ਕੋਈ ਬਾਹਰ ਨਾ ਆਉਣ ‘ਤੇ ਹੋਟਲ ਕਰਮਚਾਰੀਆਂ ਨੂੰ ਸ਼ੱਕ ਹੋਇਆ। ਕਈ ਵਾਰ ਦਰਵਾਜ਼ਾ ਖੜਕਾਉਣ ਦੇ ਬਾਵਜੂਦ ਕੋਈ ਜਵਾਬ ਨਾ ਮਿਲਣ ‘ਤੇ ਕਮਰੇ ਦਾ ਦਰਵਾਜ਼ਾ ਤੋੜਿਆ ਗਿਆ, ਜਿੱਥੇ ਦੋਵੇਂ ਮ੍ਰਿਤਕ ਹਾਲਤ ਵਿੱਚ ਮਿਲੇ।

ਮ੍ਰਿਤਕਾ ਦੀ ਪਛਾਣ ਹਰਪ੍ਰੀਤ ਕੌਰ (33) ਵਾਸੀ ਤਰਨਤਾਰਨ ਵਜੋਂ ਹੋਈ ਹੈ। ਪੁਲਿਸ ਮੁਤਾਬਕ ਉਸ ਦਾ ਵਿਆਹ ਕਰੀਬ ਅੱਠ ਸਾਲ ਪਹਿਲਾਂ ਹੋਇਆ ਸੀ ਅਤੇ ਉਸ ਦੇ ਦੋ ਬੱਚੇ ਹਨ। ਉਸ ਦਾ ਪਤੀ ਗੁਰੂਗ੍ਰਾਮ ਦੀ ਇੱਕ ਨਿੱਜੀ ਕੰਪਨੀ ਵਿੱਚ ਨੌਕਰੀ ਕਰਦਾ ਹੈ। ਮ੍ਰਿਤਕ ਨੌਜਵਾਨ ਦੀ ਪਛਾਣ ਮਨਜੀਤ ਸਿੰਘ (26) ਵਾਸੀ ਮੱਖੂ (ਫਿਰੋਜ਼ਪੁਰ) ਵਜੋਂ ਹੋਈ ਹੈ। ਦੋਵੇਂ ਆਪਸ ਵਿੱਚ ਰਿਸ਼ਤੇਦਾਰ ਦੱਸੇ ਜਾ ਰਹੇ ਹਨ।

ਪੁਲਿਸ ਸੂਤਰਾਂ ਅਨੁਸਾਰ ਹਰਪ੍ਰੀਤ ਕੌਰ ਨੂੰ ਦੋ ਗੋਲੀਆਂ ਮਾਰੀਆਂ ਗਈਆਂ, ਜਦਕਿ ਮਨਜੀਤ ਸਿੰਘ ਨੇ ਬਾਅਦ ਵਿੱਚ ਖੁਦ ਨੂੰ ਇੱਕ ਗੋਲੀ ਮਾਰ ਲਈ। ਫਿਲਹਾਲ ਪੁਲਿਸ ਵੱਲੋਂ ਘਟਨਾ ਦੇ ਹਰ ਪਹਿਲੂ ਦੀ ਵਿਗਿਆਨਕ ਢੰਗ ਨਾਲ ਜਾਂਚ ਕੀਤੀ ਜਾ ਰਹੀ ਹੈ।

ਡੀ.ਐਸ.ਪੀ. ਵਿਨੋਦ ਕੁਮਾਰ ਨੇ ਦੱਸਿਆ ਕਿ ਹੋਟਲ ਸੰਚਾਲਕਾਂ ਖ਼ਿਲਾਫ਼ ਵੀ ਨਿਯਮਾਂ ਦੀ ਉਲੰਘਣਾ ਕਰਨ ਦੇ ਮਾਮਲੇ ਵਿੱਚ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਦੋਵਾਂ ਦੀਆਂ ਲਾਸ਼ਾਂ ਪੋਸਟਮਾਰਟਮ ਲਈ ਖੰਨਾ ਦੇ ਸਿਵਲ ਹਸਪਤਾਲ ਭੇਜ ਦਿੱਤੀਆਂ ਗਈਆਂ ਹਨ।