ਅੰਮ੍ਰਿਤਸਰ ਦੇ ਮਹਾਂ ਸਿੰਘ ਗੇਟ ਸਥਿਤ ਇੱਕ ਹੋਟਲ ਵਿੱਚ ਮਹਿਲਾ ਨਾਲ ਜਬਰ ਜਨਾਹ ਅਤੇ ਅਸ਼ਲੀਲ ਵੀਡੀਓ ਬਣਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਬੀ-ਡਿਵੀਜ਼ਨ ਦੀ ਪੁਲਿਸ ਨੇ ਮੁੱਖ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਪੀੜਤ ਮਹਿਲਾ, ਜੋ ਜ਼ਿਲ੍ਹਾ ਜਲੰਧਰ ਦੇ ਪਿੰਡ ਦੋਨੋਵਾਲ ਦੀ ਰਹਿਣ ਵਾਲੀ ਅਤੇ ਤਲਾਕਸ਼ੁਦਾ ਹੈ, ਨੇ ਦੱਸਿਆ ਕਿ ਉਹ ਆਪਣੀ ਸਹੇਲੀ ਨਾਲ 21 ਮਈ ਨੂੰ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਲਈ ਅੰਮ੍ਰਿਤਸਰ ਆਈ ਸੀ। ਉਨ੍ਹਾਂ ਨੂੰ ਮਹਾਂ ਸਿੰਘ ਗੇਟ ਨੇੜੇ ਇੱਕ ਹੋਟਲ ਵਿੱਚ ਠਹਿਰਾਇਆ ਗਿਆ ਸੀ।

ਮਹਿਲਾ ਦੇ ਮੁਤਾਬਕ, ਰਾਤ ਸਮੇਂ ਅਜ਼ਾਦ ਸਿੰਘ ਨਾਮਕ ਵਿਅਕਤੀ ਹੋਟਲ ਕਮਰੇ ਵਿੱਚ ਆ ਗਿਆ, ਜਿਸ ਨਾਲ ਉਸਦੇ ਪਿਛਲੇ ਕਰੀਬ ਢਾਈ ਸਾਲਾਂ ਤੋਂ ਸੰਬੰਧ ਸਨ। ਦੋਸ਼ ਹੈ ਕਿ ਉਸ ਨੇ ਕਮਰੇ ਵਿੱਚ ਝਗੜਾ ਕਰਦੇ ਹੋਏ ਮਹਿਲਾ ਨਾਲ ਉਸਦੀ ਇੱਛਾ ਦੇ ਵਿਰੁੱਧ ਜਬਰਦਸਤੀ ਸ਼ਾਰੀਰੀਕ ਸੰਬੰਧ ਬਣਾਏ ਅਤੇ ਅਸ਼ਲੀਲ ਵੀਡੀਓ ਵੀ ਬਣਾਈ।

ਪੀੜਤਾ ਨੇ ਇਹ ਵੀ ਦੱਸਿਆ ਕਿ ਜਾਂਦੇ ਸਮੇਂ ਦੋਸ਼ੀ ਨੇ ਉਸ ਅਤੇ ਉਸਦੇ ਪਰਿਵਾਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। ਪੁਲਿਸ ਨੇ ਮਹਿਲਾ ਦੀ ਸ਼ਿਕਾਇਤ ’ਤੇ ਤੁਰੰਤ ਕਾਰਵਾਈ ਕਰਦਿਆਂ ਦੋਸ਼ੀ ਅਜ਼ਾਦ ਸਿੰਘ ਖ਼ਿਲਾਫ਼ ਮਾਮਲਾ ਦਰਜ ਕਰਕੇ ਉਸਨੂੰ ਗ੍ਰਿਫ਼ਤਾਰ ਕਰ ਲਿਆ ਹੈ।