ਸੋਰਠਿ ਮਹਲਾ ੫ ॥ ਰਾਜਨ ਮਹਿ ਰਾਜਾ ਉਰਝਾਇਓ ਮਾਨਨ ਮਹਿ ਅਭਿਮਾਨੀ ॥ ਲੋਭਨ ਮਹਿ ਲੋਭੀ ਲੋਭਾਇਓ ਤਿਉ ਹਰਿ ਰੰਗਿ ਰਚੇ ਗਿਆਨੀ ॥੧॥ ਹਰਿ ਜਨ ਕਉ ਇਹੀ ਸੁਹਾਵੈ ॥ ਪੇਖਿ ਨਿਕਟਿ ਕਰਿ ਸੇਵਾ ਸਤਿਗੁਰ ਹਰਿ ਕੀਰਤਨਿ ਹੀ ਤ੍ਰਿਪਤਾਵੈ ॥ ਰਹਾਉ ॥ ਅਮਲਨ ਸਿਉ ਅਮਲੀ ਲਪਟਾਇਓ ਭੂਮਨ ਭੂਮਿ ਪਿਆਰੀ ॥ ਖੀਰ ਸੰਗਿ ਬਾਰਿਕੁ ਹੈ ਲੀਨਾ ਪ੍ਰਭ ਸੰਤ ਐਸੇ ਹਿਤਕਾਰੀ ॥੨॥

    सोरठि महला ५ ॥ राजन महि राजा उरझाइओ मानन महि अभिमानी ॥ लोभन महि लोभी लोभाइओ तिउ हरि रंगि रचे गिआनी ॥१॥ हरि जन कउ इही सुहावै ॥ पेखि निकटि करि सेवा सतिगुर हरि कीरतनि ही त्रिपतावै ॥ रहाउ ॥ अमलन सिउ अमली लपटाइओ भूमन भूमि पिआरी ॥ खीर संगि बारिकु है लीना प्रभ संत ऐसे हितकारी ॥२॥

    ਰਾਜਨ ਮਹਿ = ਰਾਜ ਦੇ ਕੰਮਾਂ ਵਿਚ। ਉਰਝਾਇਓ = ਮਗਨ ਰਹਿੰਦਾ ਹੈ। ਮਾਨਨ ਮਹਿ = ਮਾਣ ਵਧਾਣ ਵਾਲੇ ਕੰਮਾਂ ਵਿਚ। ਅਭਿਮਾਨੀ = ਅਹੰਕਾਰੀ, ਮਾਣ ਦਾ ਭੁੱਖਾ। ਲੋਭਨ ਮਹਿ = ਲਾਲਚ ਵਧਾਣ ਵਾਲੇ ਆਹਰਾਂ ਵਿਚ। ਗਿਆਨੀ = ਆਤਮਕ ਜੀਵਨ ਦੀ ਸੂਝ ਵਾਲੇ ਬੰਦੇ।੧। ਸੁਹਾਵੈ = ਸੁਖਾਂਦੀ ਹੈ। ਪੇਖਿ = ਵੇਖ ਕੇ। ਨਿਕਟਿ = ਨੇੜੇ, ਅੰਗ-ਸੰਗ। ਕੀਰਤਨਿ = ਕੀਰਤਨ ਵਿਚ। ਤ੍ਰਿਪਤਾਵੈ = ਪ੍ਰਸੰਨ ਰਹਿੰਦਾ ਹੈ।ਰਹਾਉ। ਅਮਲਨ ਸਿਉ = ਨਸ਼ਿਆਂ ਨਾਲ। ਅਮਲੀ = ਨਸ਼ਿਆਂ ਦਾ ਪ੍ਰੇਮੀ। ਭੂਮਨ = ਜ਼ਮੀਨ ਦੇ ਮਾਲਕ। ਭੂਮਿ = ਜ਼ਮੀਨ। ਖੀਰ = ਦੁੱਧ। ਬਾਰਿਕੁ = ਬੱਚਾ। ਹਿਤਕਾਰੀ = ਪਿਆਰ ਕਰਨ ਵਾਲੇ।੨।

    (ਹੇ ਭਾਈ! ਜਿਵੇਂ) ਰਾਜ ਦੇ ਕੰਮਾਂ ਵਿਚ ਰਾਜਾ ਮਗਨ ਰਹਿੰਦਾ ਹੈ, ਜਿਵੇਂ ਮਾਣ ਵਧਾਣ ਵਾਲੇ ਕੰਮਾਂ ਵਿਚ ਆਦਰ-ਮਾਣ ਦਾ ਭੁੱਖਾ ਮਨੁੱਖ ਪਰਚਿਆ ਰਹਿੰਦਾ ਹੈ, ਜਿਵੇਂ ਲਾਲਚੀ ਮਨੁੱਖ ਲਾਲਚ ਵਧਾਣ ਵਾਲੇ ਆਹਰਾਂ ਵਿਚ ਫਸਿਆ ਰਹਿੰਦਾ ਹੈ, ਤਿਵੇਂ ਆਤਮਕ ਜੀਵਨ ਦੀ ਸੂਝ ਵਾਲਾ ਮਨੁੱਖ ਪ੍ਰਭੂ ਦੇ ਪ੍ਰੇਮ-ਰੰਗ ਵਿਚ ਮਸਤ ਰਹਿੰਦਾ ਹੈ।੧। ਪਰਮਾਤਮਾ ਦੇ ਭਗਤ ਨੂੰ ਇਹੀ ਕਾਰ ਚੰਗੀ ਲੱਗਦੀ ਹੈ। (ਭਗਤ ਪਰਮਾਤਮਾ ਨੂੰ) ਅੰਗ-ਸੰਗ ਵੇਖ ਕੇ, ਤੇ, ਗੁਰੂ ਦੀ ਸੇਵਾ ਕਰਕੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਵਿਚ ਹੀ ਪ੍ਰਸੰਨ ਰਹਿੰਦਾ ਹੈ।ਰਹਾਉ। ਹੇ ਭਾਈ! ਨਸ਼ਿਆਂ ਦਾ ਪ੍ਰੇਮੀ ਮਨੁੱਖ ਨਸ਼ਿਆਂ ਨਾਲ ਚੰਬੜਿਆ ਰਹਿੰਦਾ ਹੈ, ਜ਼ਮੀਨ ਦੇ ਮਾਲਕਾਂ ਨੂੰ ਜ਼ਮੀਨ ਪਿਆਰੀ ਲੱਗਦੀ ਹੈ, ਬੱਚਾ ਦੁੱਧ ਨਾਲ ਪਰਚਿਆ ਰਹਿੰਦਾ ਹੈ। ਇਸੇ ਤਰ੍ਹਾਂ ਸੰਤ ਜਨ ਪਰਮਾਤਮਾ ਨਾਲ ਪਿਆਰ ਕਰਦੇ ਹਨ।੨।