ਫਗਵਾੜਾ( ਨਰੇਸ਼ ਪਾਸੀ, ਇੰਦਰਜੀਤ ਸ਼ਰਮਾ) ਸ਼੍ਰੋਮਣੀ ਅਕਾਲੀ ਦਲ (ਬ) ਦੇ ਹਲਕਾ ਸ਼ਹਿਰੀ ਇੰਚਾਰਜ ਰਣਜੀਤ ਸਿੰਘ ਖੁਰਾਣਾ ਅਤੇ ਦਿਹਾਤੀ ਹਲਕਾ ਇੰਚਾਰਜ ਰਾਜਿੰਦਰ ਸਿੰਘ ਚੰਦੀ ਨੇ ਐਸ.ਡੀ.ਐਮ. ਕਮ ਚੋਣ ਅਫਸਰ ਫਗਵਾੜਾ ਜਸ਼ਨਜੀਤ ਸਿੰਘ , ਡਿਪਟੀ ਕਮੀਸ਼ਨਰ ਕਪੂਰਥਲਾ ਅਤੇ ਚੋਣ ਕਮੀਸ਼ਨ ਪੰਜਾਬ ਤੋਂ ਮੰਗ ਕੀਤੀ ਹੈ ਕਿ ਅਗਲੇ ਮਹੀਨੇ ਹੋਣ ਵਾਲੀਆਂ ਕਾਰਪੋਰੇਸ਼ਨ ਚੋਣਾਂ ਦੌਰਾਨ ਵਾਰਡਬੰਦੀ 2020 ਦੇ ਨਾਲ ਵੋਟਰ ਲਿਸਟ 2024 ਵਾਲੀ ਜਾਰੀ ਕੀਤੀ ਜਾਵੇ। ਅੱਜ ਇੱਥੇ ਗੱਲਬਾਤ ਦੌਰਾਨ ਖੁਰਾਣਾ ਅਤੇ ਚੰਦੀ ਨੇ ਕਿਹਾ ਕਿ ਸੁਪਰੀਮ ਕੋਰਟ ਦੇ ਹੁਕਮਾਂ ਨਾਲ ਹੋ ਰਹੀਆਂ ਨਗਰ ਨਿਗਮ ਫਗਵਾੜਾ ਦੀਆਂ ਚੋਣਾਂ ਵਿੱਚ 2020 ਦੀ ਵਾਰਡਬੰਦੀ ਦੇ ਨਾਲ ਮਿਤੀ 05-05-2021 ਤੱਕ ਬਣੀਆਂ ਹੋਈਆ ਵੋਟਾਂ ਦੀਆਂ ਲਿਸਟਾਂ ਜਾਰੀ ਕੀਤੀਆਂ ਗਈਆਂ ਹਨ। ਜੋ ਕਿ ਸਰਾਸਰ ਧੱਕਾ ਹੈ ਜਦਕਿ 25 ਨਵੰਬਰ 2024 ਤੱਕ ਹਜ਼ਾਰਾਂ ਦੀ ਗਿਣਤੀ ਵਿੱਚ ਫਗਵਾੜਾ ਵਿੱਚ ਨਵੀਆਂ ਨੋਜਵਾਨ ਕੁੜੀਆਂ ਮੁੰਡਿਆਂ ਦੀਆਂ ਵੋਟਾਂ ਬਣ ਚੁੱਕੀਆ ਹਨ। ਇਸ ਤੋਂ ਇਲਾਵਾ ਕਈ ਵੋਟਰਾਂ ਦੀ ਮੌਤ ਹੋ ਚੁੱਕੀ ਹੈ ਅਤੇ ਕਈ ਸਬੰਧਤ ਵਾਰਡਾਂ ਵਿਚ ਆਪਣੀ ਰਿਹਾਇਸ਼ ਛੱਡ ਕੇ ਜਾ ਚੁੱਕੇ ਹਨ। ਇਸ ਲਈ ਲੋਕਤੰਤਰ ਦੀਆਂ ਕਦਰਾਂ-ਕੀਮਤਾਂ ਦਾ ਧਿਆਨ ਰੱਖਿਆ ਜਾਵੇ ਅਤੇ ਨਵੇਂ ਨੋਜਵਾਨ ਵੋਟਰਾਂ ਨੂੰ ਵੀ ਅਪਣੀ ਵੋਟ ਪਾਉਣ ਦਾ ਹੱਕ ਦਿੱਤਾ ਜਾਵੇ , ਇਸ ਲਈ ਮਿਤੀ 25 ਨਵੰਬਰ 2024 ਤੱਕ ਬਣੀਆ ਹੋਈਆਂ ਵੋਟਾਂ ਇਲਾਕਾ ਬੀ.ਐਲ.ਓ ਨੂੰ ਕਹਿ ਕੇ ਨਾਲ ਨੱਥੀ ਕੀਤੀਆਂ ਜਾਣ। ਰਣਜੀਤ ਸਿੰਘ ਖੁਰਾਣਾ ਨੇ ਕਿਹਾ ਕਿ ਜਿਨ੍ਹਾਂ ਵੋਟਰਾਂ ਦੀ ਮੌਤ ਹੋ ਚੁੱਕੀ ਹੈ ਜਾਂ ਏਰੀਏ ਛੱਡ ਕੇ ਜਾ ਚੁੱਕੇ ਹਨ, ਉਹਨਾਂ ਦੀਆਂ ਵੋਟਾਂ ਵੋਟਰ ਸੂਚੀਆਂ ਵਿਚੋਂ ਕੱਟੀਆਂ ਜਾਣ ਤਾਂ ਜੋ ਚੋਣ ਪ੍ਰਕ੍ਰਿਆ ਨੂੰ ਸਹੀ ਢੰਗ ਦੇ ਨਾਲ ਨੇਪਰੇ ਚਾੜ੍ਹਿਆ ਜਾ ਸਕੇ।