ਫਾਜ਼ਿਲਕਾ: ਐਤਵਾਰ ਨੂੰ ਸਾਰਾ ਦਿਨ ਖਰਾਬ ਮੌਸਮ ਅਤੇ ਚੱਲ ਰਹੀ ਸੀਤ ਲਹਿਰ ਨੇ ਲੋਕਾਂ ਨੂੰ ਕੰਬਣੀ ਛੇੜੀ ਰੱਖੀ। ਦੇਰ ਰਾਤ ਤੋਂ ਹੀ ਧੁੰਦ ਦਾ ਅਸਰ ਸ਼ੁਰੂ ਹੋ ਗਿਆ ਸੀ, ਪਰ ਸੋਮਵਾਰ ਤੜਕੇ ਤੱਕ ਇਹ ਇੰਨੀ ਗਹਿਰੀ ਹੋ ਗਈ ਕਿ ਪੂਰੇ ਖੇਤਰ ‘ਤੇ ਚਿੱਟੀ ਚਾਦਰ ਵਿਛ ਗਈ ਹੋਵੇ। ਸਵੇਰੇ ਵਿਜ਼ੀਬਿਲਟੀ ਸਿਰਫ 10 ਤੋਂ 15 ਮੀਟਰ ਤੱਕ ਰਹਿ ਜਾਣ ਕਾਰਨ ਲੋਕਾਂ ਦਾ ਬਾਹਰ ਨਿਕਲਣਾ ਮੁਸ਼ਕਲ ਹੋ ਗਿਆ।
ਧੁੰਦ ਦੀ ਸੰਘਣੀ ਪਰਤ ਕਾਰਨ ਵਾਹਨ ਚਾਲਕਾਂ ਨੂੰ ਬਹੁਤ ਸਾਵਧਾਨੀ ਨਾਲ ਅੱਗੇ ਵਧਣਾ ਪਿਆ। ਹਾਈ-ਬੀਮ ਅਤੇ ਫੌਗ ਲਾਈਟਾਂ ਦੇ ਬਾਵਜੂਦ ਸੜਕ ਦਾ ਅਗਲਾ ਹਿੱਸਾ ਮੁਸ਼ਕਲ ਨਾਲ ਦਿਖਾਈ ਦੇ ਰਿਹਾ ਸੀ। ਦੋ ਪਹੀਆ ਵਾਹਨ ਚਾਲਕਾਂ ਲਈ ਹਾਲਾਤ ਹੋਰ ਵੀ ਚੁਣੌਤੀਪੂਰਨ ਰਹੇ, ਕਿਉਂਕਿ ਸੰਘਣੀ ਧੁੰਦ ਵਿੱਚ ਟੋਇਆਂ ਅਤੇ ਮੋੜਾਂ ਦਾ ਅੰਦਾਜ਼ਾ ਲਗਾਉਣਾ ਲਗਪਗ ਅਸੰਭਵ ਹੋ ਗਿਆ ਸੀ। ਕਈ ਥਾਵਾਂ ‘ਤੇ ਸਵੇਰ ਦੇ ਸ਼ੁਰੂਆਤੀ ਸਮੇਂ ਵਿੱਚ ਦ੍ਰਿਸ਼ਤਾ ਕੁਝ ਮਿੰਟਾਂ ਲਈ ਹੀ ਬਿਹਤਰ ਹੋਈ, ਬਾਕੀ ਸਮਾਂ ਪੂਰਾ ਇਲਾਕਾ ਧੁੰਦ ਵਿੱਚ ਢਕਿਆ ਰਿਹਾ।