ਪੰਜਾਬ ਵਿੱਚ ਅੱਜ ਯਾਨੀ ਸ਼ਨੀਵਾਰ ਨੂੰ ਮੀਂਹ ਪੈਣ ਦੀ ਸੰਭਾਵਨਾ ਹੈ। ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਸਵੇਰ ਤੋਂ ਹੀ ਸੰਘਣੀ ਧੁੰਦ ਛਾਈ ਹੋਈ ਹੈ। ਵਿਜ਼ੀਬਿਲਟੀ ਵੀ 50 ਮੀਟਰ ਦੇ ਕਰੀਬ ਦਰਜ ਕੀਤੀ ਜਾ ਰਹੀ ਹੈ। ਮੌਸਮ ਵਿਭਾਗ ਮੁਤਾਬਕ ਜਨਵਰੀ ਦਾ ਮਹੀਨਾ ਖੁਸ਼ਕ ਰਿਹਾ। ਆਮ ਨਾਲੋਂ 59 ਫੀਸਦੀ ਘੱਟ ਬਾਰਿਸ਼ ਦਰਜ ਕੀਤੀ ਗਈ ਹੈ।

    29 ਜਨਵਰੀ ਨੂੰ ਮਹੀਨੇ ਦੀ ਆਖ਼ਰੀ ਵੈਸਟਰਨ ਡਿਸਟਰਬੈਂਸ ਐਕਟਿਵ ਹੋਣ ਤੋਂ ਬਾਅਦ ਮੀਂਹ ਪੈਣ ਦੀ ਸੰਭਾਵਨਾ ਸੀ ਪਰ ਆਸਮਾਨ ‘ਤੇ ਬੱਦਲ ਛਾਏ ਰਹਿਣ ਦੇ ਬਾਵਜੂਦ ਮੀਂਹ ਨਹੀਂ ਪਿਆ। ਮੌਸਮ ਵਿਭਾਗ ਅਨੁਸਾਰ ਅੱਜ ਪੰਜਾਬ ਵਿੱਚ ਧੁੰਦ ਅਤੇ ਸੀਤ ਲਹਿਰ ਨੂੰ ਲੈ ਕੇ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ ਹੈ। ਇਸ ਦੇ ਬਾਵਜੂਦ ਪੰਜਾਬ ਦੇ ਜ਼ਿਆਦਾਤਰ ਜ਼ਿਲ੍ਹਿਆਂ ਵਿੱਚ ਸਵੇਰ ਤੋਂ ਹੀ ਸੰਘਣੀ ਧੁੰਦ ਦੇਖਣ ਨੂੰ ਮਿਲ ਰਹੀ ਹੈ। ਅੱਜ ਇੱਕ ਨਵੀਂ ਪੱਛਮੀ ਗੜਬੜੀ ਸਰਗਰਮ ਹੋ ਰਹੀ ਹੈ। ਜਿਸ ਤੋਂ ਬਾਅਦ ਸੂਬੇ ਦੇ ਕੁਝ ਜ਼ਿਲ੍ਹਿਆਂ ਵਿੱਚ ਮੀਂਹ ਪੈ ਸਕਦਾ ਹੈ।

    ਪਰ ਪੱਛਮੀ ਗੜਬੜੀ ਦੇ ਸਰਗਰਮ ਹੋਣ ਤੋਂ ਬਾਅਦ ਵੀ ਤਾਪਮਾਨ ‘ਚ ਜ਼ਿਆਦਾ ਬਦਲਾਅ ਨਹੀਂ ਹੋਵੇਗਾ। ਹਾਲਾਂਕਿ, 24 ਘੰਟਿਆਂ ਬਾਅਦ ਤਾਪਮਾਨ ਵਿੱਚ ਲਗਭਗ 2 ਡਿਗਰੀ ਦਾ ਵਾਧਾ ਹੋ ਸਕਦਾ ਹੈ। ਅੱਜ ਪੰਜਾਬ ‘ਚ ਸਰਗਰਮ ਪੱਛਮੀ ਗੜਬੜੀ ਦਾ ਅਸਰ ਪਹਾੜੀ ਇਲਾਕਿਆਂ ‘ਚ ਜ਼ਿਆਦਾ ਦੇਖਣ ਨੂੰ ਮਿਲੇਗਾ। ਪਰ ਪੰਜਾਬ ਦੇ ਮੈਦਾਨੀ ਇਲਾਕਿਆਂ ਵਿੱਚ ਵੀ ਇਸ ਦਾ ਹਲਕਾ ਪ੍ਰਭਾਵ ਪਵੇਗਾ। 2 ਫ਼ਰਵਰੀ ਨੂੰ ਮੀਂਹ ਪੈਣ ਦੀ ਸੰਭਾਵਨਾ ਬਹੁਤ ਘੱਟ ਹੈ ਪਰ 3 ਤੋਂ 5 ਫ਼ਰਵਰੀ ਤੱਕ ਪੰਜਾਬ ਦੇ ਕਈ ਇਲਾਕਿਆਂ ‘ਚ ਹਲਕੀ ਜਾਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।