ਅੰਮ੍ਰਿਤਸਰ ‘ਚ ਵੱਡੀ ਵਾਰਦਾਤ ਵਾਪਰੀ ਹੈ। ਇਥੇ ਬਲਾਕ ਵੇਰਕਾ ਅਧੀਨ ਆਉਂਦੇ ਪਿੰਡ ਜਹਾਂਗੀਰ ਵਿਖੇ ਇਕ ਨਿਹੰਗ ਸਿੰਘ ਵਲੋਂ ਇੱਕ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ।ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਵਾਸੀਆਂ ਨੇ ਦੱਸਿਆ ਕਿ ਬੀਤੀ ਰਾਤ ਨਿਹੰਗ ਸੁਖਦੇਵ ਸਿੰਘ ਨੇ ਪਿੰਡ ਦੇ ਹੀ ਮਲਕੀਤ ਸਿੰਘ ਨਾਮਕ ਨੌਜਵਾਨ ਦੇ ਘਰ ਵੜ ਕੇ ਉਸ ਨੂੰ ਬੁਰੀ ਤਰੀਕੇ ਕੁੱਟਿਆ ਤੇ ਫਿਰ ਤਲਵਾਰ ਦੇ ਨਾਲ ਵਾਰ ਕਰਕੇ ਉਸ ਦਾ ਕਤਲ ਕਰ ਦਿੱਤਾ। ਪਿੰਡ ਵਾਸੀਆਂ ਵੱਲੋਂ ਇਨਸਾਫ ਦੀ ਗੁਹਾਰ ਲਗਾਈ ਜਾ ਰਹੀ ਹੈ।
ਦੂਜੇ ਪਾਸੇ ਮੌਕੇ ‘ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਪਿੰਡ ਵਿਚ ਪੁਰਾਣੀ ਰੰਜਿਸ਼ ਕਰਕੇ ਨਿਹੰਗ ਸੁਖਦੇਵ ਸਿੰਘ ਵਲੋਂ ਪਿੰਡ ਦੇ ਹੀ ਇੱਕ ਨੌਜਵਾਨ ਮਲਕੀਤ ਸਿੰਘ ਦਾ ਕਤਲ ਕਰ ਦਿਤਾ ਗਿਆ ਹੈ ਤੇ ਮਲਕੀਤ ਸਿੰਘ ਦੀ ਉਮਰ 30 ਤੋਂ 35 ਸਾਲ ਦੱਸੀ ਜਾ ਰਹੀ ਹੈ। ਫਿਲਹਾਲ ਪੁਲਿਸ ਦੀਆਂ ਟੀਮਾਂ ਮੌਕੇ ‘ਤੇ ਪਹੁੰਚ ਗਈਆਂ ਹਨ ਤੇ ਮਾਮਲੇ ਦੀ ਕਾਰਵਾਈ ਸ਼ੁਰੂ ਕਰ ਦਿਤੀ ਹੈ।