ਜਲੰਧਰ – ਸਾਬਕਾ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਦੇ ਪੋਤੇ ਇੰਦਰਜੀਤ ਸਿੰਘ ਨੇ ਅੱਜ ਭਾਜਪਾ ਵਿਚ ਸ਼ਾਮਲ ਹੁੰਦਿਆਂ ਹੀ ਕਾਂਗਰਸ ਤੇ ਵੱਡੇ ਇਲਜ਼ਾਮ ਲਗਾਏ ਹਨ। ਇੰਦਰਜੀਤ ਸਿੰਘ ਨੇ ਕਾਂਗਰਸ ‘ਤੇ ਦੋਸ਼ ਲਾਇਆ ਕਿ ਉਸ ਦੇ ਦਾਦਾ ਜੀ ਨੂੰ ਜਾਣਬੁੱਝ ਕੇ ਦੁਰਘਟਨਾ ਕਰਵਾ ਕੇ ਮਾਰਿਆ ਗਿਆ ਹੈ।
ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਮਰਹੂਮ ਦਾਦਾ ਜੀ ਦੀ ਇੱਛਾ ਕਈ ਸਾਲਾਂ ਬਾਅਦ ਪੂਰੀ ਹੋਈ ਹੈ। ਉਨ੍ਹਾਂ ਦੀ ਵਫ਼ਾਦਾਰੀ ਦੇ ਬਾਵਜੂਦ ਕਾਂਗਰਸ ਨੇ ਉਨ੍ਹਾਂ ਨਾਲ ਜਿਸ ਤਰ੍ਹਾਂ ਦਾ ਸਲੂਕ ਕੀਤਾ, ਉਸ ਤੋਂ ਉਹ ਦੁਖੀ ਸਨ। ਉਨ੍ਹਾਂ ਕਿਹਾ, ‘ਮੇਰੇ ਦਾਦਾ ਜੀ ਚਾਹੁੰਦੇ ਸਨ ਕਿ ਮੈਂ ਭਾਜਪਾ ਵਿਚ ਸ਼ਾਮਲ ਹੋਵਾਂ। ਉਨ੍ਹਾਂ ਨੇ ਮੈਨੂੰ ਅਟਲ ਬਿਹਾਰੀ ਵਾਜਪਾਈ ਅਤੇ ਲਾਲ ਕ੍ਰਿਸ਼ਨ ਅਡਵਾਨੀ ਕੋਲ ਆਸ਼ੀਰਵਾਦ ਲੈਣ ਲਈ ਭੇਜਿਆ ਸੀ। ਇੰਦਰਜੀਤ ਸਿੰਘ ਨੇ ਕਾਂਗਰਸ ਲੀਡਰਸ਼ਿਪ ‘ਤੇ ਸਨਸਨੀਖੇਜ਼ ਇਲਜ਼ਾਮ ਲਾਇਆ ਕਿ 1994 ‘ਚ ਉਨ੍ਹਾਂ ਦੇ ਦਾਦਾ ਅਤੇ ਸਾਬਕਾ ਰਾਸ਼ਟਰਪਤੀ ਦੀ ਕਾਰ ਕਿਸੇ ਸਾਜ਼ਿਸ਼ ਕਾਰਨ ਜਾਣਬੁੱਝ ਕੇ ਹਾਦਸਾਗ੍ਰਸਤ ਕਰਵਾਈ ਗਈ ਜਿਸ ਤੋਂ ਬਾਅਦ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ ਸੀ।

    ਦੱਸਣਯੋਗ ਹੈ ਕਿ ਦੇਸ਼ ਦੇ ਦਿੱਗਜ਼ ਲੀਡਰ ਅਤੇ ਸਾਬਕਾ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਦੇ ਪੋਤੇ ਇੰਦਰਜੀਤ ਸਿੰਘ ਅੱਜ ਅਧਿਕਾਰਤ ਤੌਰ ‘ਤੇ ਭਾਜਪਾ ‘ਚ ਸ਼ਾਮਿਲ ਹੋ ਗਏ ਹਨ।