ਭਾਰਤੀ ਫੌਜ ਨੇ ਵਰਦੀ ਨਿਯਮਾਂ ‘ਚ ਕੀਤੀਆਂ ਵੱਡੀਆਂ ਤਬਦੀਲੀਆਂ, ਬਸਤੀਵਾਦੀ ਰਵਾਇਤਾਂ ਨੂੰ ਕਿਹਾ ਅਲਵਿਦਾ

ਨਵੀਂ ਦਿੱਲੀ: ਭਾਰਤੀ ਫੌਜ ਨੇ ਬਸਤੀਵਾਦੀ ਯੁੱਗ ਦੀਆਂ ਪਰੰਪਰਾਵਾਂ ਨੂੰ ਖ਼ਤਮ ਕਰਨ ਅਤੇ ਭਾਰਤੀ ਪਛਾਣ ਨੂੰ ਹੋਰ ਮਜ਼ਬੂਤ ਕਰਨ ਲਈ ਆਪਣੇ ਵਰਦੀ ਅਤੇ ਪਹਿਰਾਵੇ ਨਾਲ ਸਬੰਧਤ ਨਿਯਮਾਂ ਵਿੱਚ ਮਹੱਤਵਪੂਰਨ ਸੋਧਾਂ ਕੀਤੀਆਂ ਹਨ। ਇਹ ਤਬਦੀਲੀਆਂ ਹਾਲ ਹੀ ਵਿੱਚ ਜਾਰੀ ਕੀਤੇ ਗਏ 174 ਸਫ਼ਿਆਂ ਦੇ ਮੈਨੂਅਲ ‘ਆਰਮੀ ਯੂਨੀਫਾਰਮ-2026’ ਵਿੱਚ ਦਰਜ ਹਨ।

ਨਵੇਂ ਨਿਯਮਾਂ ਅਨੁਸਾਰ ਹੁਣ ਰਸਮੀ ਮੌਕਿਆਂ ‘ਤੇ ਉੱਚੀ ਗਰਦਨ ਵਾਲੀ ‘ਬੰਡੀ ਜੈਕੇਟ’ ਪਹਿਨਣ ਦੀ ਮਨਜ਼ੂਰੀ ਦਿੱਤੀ ਗਈ ਹੈ। ਇਸ ਦੇ ਨਾਲ ਹੀ ਪਰੇਡਾਂ ਦਾ ਨਿਰੀਖਣ ਕਰਨ ਵਾਲੇ ਸੀਨੀਅਰ ਅਧਿਕਾਰੀਆਂ ਲਈ ਤਲਵਾਰ ਲੈ ਕੇ ਚੱਲਣਾ ਹੁਣ ਲਾਜ਼ਮੀ ਨਹੀਂ ਰਹੇਗਾ, ਸਗੋਂ ਇਹ ਵਿਕਲਪਿਕ ਹੋਵੇਗਾ।

ਫੌਜ ਨੇ ਕਈ ਵਰਦੀਆਂ ਨਾਲ ਵਰਤੀ ਜਾਣ ਵਾਲੀ ਰਵਾਇਤੀ ‘ਪਾਊਚ ਬੈਲਟ’ ਨੂੰ ਵੀ ਹਟਾ ਦਿੱਤਾ ਹੈ, ਹਾਲਾਂਕਿ ਕੁਝ ਖ਼ਾਸ ਰੈਜੀਮੈਂਟਲ ਸਮਾਗਮਾਂ ਵਿੱਚ ਇਸ ਦੀ ਵਰਤੋਂ ਜਾਰੀ ਰਹੇਗੀ। ਮੈਨੂਅਲ ਵਿੱਚ ਕਿਹਾ ਗਿਆ ਹੈ ਕਿ ਇਹ ਤਬਦੀਲੀਆਂ ਰਾਸ਼ਟਰ ਦੀਆਂ ਭਾਵਨਾਵਾਂ ਅਤੇ ਵਿਕਸਤ ਹੋ ਰਹੀ ਪ੍ਰਭੂਸੱਤਾ ਪਛਾਣ ਨੂੰ ਧਿਆਨ ਵਿੱਚ ਰੱਖ ਕੇ ਕੀਤੀਆਂ ਗਈਆਂ ਹਨ।

ਸਾਰੇ ਰੈਂਕਾਂ ਲਈ ਨਵੀਂ ਸਰਦੀਆਂ ਦੀ ਵਰਦੀ

ਫੌਜ ਨੇ ਸਾਰੇ ਰੈਂਕਾਂ ਦੇ ਸੈਨਿਕਾਂ ਲਈ ‘3B’ ਸਰਦੀਆਂ ਦੀ ਨਵੀਂ ਵਰਦੀ ਵੀ ਪੇਸ਼ ਕੀਤੀ ਹੈ। ਇਸ ਵਿੱਚ ਅੰਗੋਲਾ ਕਮੀਜ਼, ਬੰਡੀ ਜੈਕੇਟ ਅਤੇ ਬੇਰੇਟ ਸ਼ਾਮਲ ਹੋਣਗੇ। ਪਹਿਲੀ ਵਾਰ ਅਧਿਕਾਰੀਆਂ ਨੂੰ ਰਸਮੀ ਪਹਿਰਾਵੇ ਵਜੋਂ ਬੰਡੀ ਜੈਕੇਟ ਪਹਿਨਣ ਦੀ ਇਜਾਜ਼ਤ ਦਿੱਤੀ ਗਈ ਹੈ।

ਮਹਿਲਾ ਅਧਿਕਾਰੀਆਂ ਲਈ ਨਵੇਂ ਦਿਸ਼ਾ-ਨਿਰਦੇਸ਼

ਨਵੇਂ ਨਿਯਮਾਂ ਤਹਿਤ ਮਹਿਲਾ ਅਧਿਕਾਰੀਆਂ ਨੂੰ ਸਾਦੇ ਰੰਗ ਦੀ ਸਾੜ੍ਹੀ ਜਾਂ ਕੁੜਤੀ-ਸਲਵਾਰ ਪਹਿਨਣ ਦੀ ਮਨਜ਼ੂਰੀ ਦਿੱਤੀ ਗਈ ਹੈ। ਹਾਲਾਂਕਿ ਸਲੀਵਲੇਸ ਕੁੜਤੇ, ਪਲਾਜ਼ੋ ਅਤੇ ਸਿਗਰੇਟ ਪੈਂਟਾਂ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ।

ਵਰਦੀ ਨਾਲ ਲਿਪਸਟਿਕ, ਰੰਗਦਾਰ ਨੇਲ ਪਾਲਿਸ਼, ਵੱਡੀ ਬਿੰਦੀ ਅਤੇ ਨੱਕ ਦੀ ਨੱਥ (ਕੋਕਾ) ਪਾਉਣ ਦੀ ਵੀ ਆਗਿਆ ਨਹੀਂ ਹੋਵੇਗੀ। ਵਿਆਹੀਆਂ ਮਹਿਲਾ ਅਧਿਕਾਰੀਆਂ ਸਿੰਦੂਰ ਲਗਾ ਸਕਣਗੀਆਂ, ਪਰ ਇਹ ਬੇਰੇਟ ਜਾਂ ਫੌਜੀ ਕੈਪ ਹੇਠਾਂ ਲੁਕਿਆ ਹੋਣਾ ਚਾਹੀਦਾ ਹੈ।

ਜਵਾਨਾਂ ਲਈ ਗਰੂਮਿੰਗ ਨਿਯਮ ਹੋਏ ਸਖ਼ਤ

ਫੌਜ ਨੇ ਗਰੂਮਿੰਗ ਸਬੰਧੀ ਨਿਯਮਾਂ ਨੂੰ ਵੀ ਹੋਰ ਸਖ਼ਤ ਕੀਤਾ ਹੈ। ਸਰੀਰ ‘ਤੇ ਟੈਟੂ ਬਣਵਾਉਣ ਅਤੇ ਕੰਨ ਜਾਂ ਨੱਕ ਵਿੰਨ੍ਹਾਉਣ ‘ਤੇ ਪਾਬੰਦੀ ਜਾਰੀ ਰਹੇਗੀ। ਵਰਦੀ ਵਿੱਚ ਬਰੇਸਲੇਟ ਪਹਿਨਣ ਦੀ ਇਜਾਜ਼ਤ ਨਹੀਂ ਹੋਵੇਗੀ, ਜਦਕਿ ਡਿਓਡੋਰੈਂਟ ਅਤੇ ਪਰਫਿਊਮ ਦੀ ਵਰਤੋਂ ਵੀ ਵਰਜਿਤ ਕਰ ਦਿੱਤੀ ਗਈ ਹੈ। ਹਾਲਾਂਕਿ ਆਫਟਰ-ਸ਼ੇਵ ਲੋਸ਼ਨ ਲਗਾਉਣ ਦੀ ਮਨਜ਼ੂਰੀ ਹੋਵੇਗੀ।

ਇਸ ਤੋਂ ਇਲਾਵਾ, ਜਵਾਨਾਂ ਦੀਆਂ ਮੁੱਛਾਂ ਦੀ ਵੱਧ ਤੋਂ ਵੱਧ ਲੰਬਾਈ 12 ਸੈਂਟੀਮੀਟਰ ਨਿਰਧਾਰਤ ਕੀਤੀ ਗਈ ਹੈ। ਸਿੱਖ ਸੈਨਿਕਾਂ ਨੂੰ ਉਨ੍ਹਾਂ ਦੇ ਧਾਰਮਿਕ ਚਿੰਨ੍ਹਾਂ ਜਿਵੇਂ ਦਸਤਾਰ ਅਤੇ ਕਕਾਰ ਸਬੰਧੀ ਪਹਿਲਾਂ ਵਾਂਗ ਵਿਸ਼ੇਸ਼ ਛੋਟ ਮਿਲਦੀ ਰਹੇਗੀ।

ਫੌਜ ਦਾ ਮੰਨਣਾ ਹੈ ਕਿ ਇਹ ਤਬਦੀਲੀਆਂ ਭਾਰਤੀ ਪਰੰਪਰਾਵਾਂ ਅਤੇ ਆਧੁਨਿਕ ਲੋੜਾਂ ਵਿਚਕਾਰ ਸੰਤੁਲਨ ਬਣਾਉਣ ਦੇ ਨਾਲ-ਨਾਲ ਬਸਤੀਵਾਦੀ ਯੁੱਗ ਦੀਆਂ ਬਾਕੀ ਰਹਿ ਗਈਆਂ ਰਵਾਇਤਾਂ ਨੂੰ ਖ਼ਤਮ ਕਰਨ ਵੱਲ ਇੱਕ ਅਹਿਮ ਕਦਮ ਹਨ।