ਦੇਸ਼ ਦੀ ਰਾਖੀ ਕਰਦਿਆਂ ਪੰਜਾਬ ਦਾ ਫ਼ੌਜੀ ਲੇਹ ਵਿੱਚ ਸ਼ਹੀਦ, 25 ਜਨਵਰੀ ਨੂੰ ਹੀ ਹੋਇਆ ਸੀ ਵਿਆਹ

ਦੇਸ਼ ਦੀ ਸੇਵਾ ਕਰਦਿਆਂ ਪੰਜਾਬ ਆਰਮਡ ਰੈਜੀਮੈਂਟ ਦਾ ਜਵਾਨ ਨਾਇਕ ਸਰਬਜੀਤ ਸਿੰਘ ਸ਼ਹੀਦ ਹੋ ਗਿਆ। ਸ਼ਹੀਦ ਸਰਬਜੀਤ ਸਿੰਘ ਜ਼ਿਲ੍ਹਾ ਰੂਪਨਗਰ ਦੇ ਪਿੰਡ ਬਿੰਦਰਖ ਦਾ ਰਹਿਣ ਵਾਲਾ ਸੀ। ਜਾਣਕਾਰੀ ਮੁਤਾਬਕ ਉਹ ਲੇਹ ਦੇ ਉੱਚਾਈ ਵਾਲੇ ਖੇਤਰ ਵਿੱਚ ਤਾਇਨਾਤ ਸਨ, ਜਿੱਥੇ ਅਚਾਨਕ ਆਕਸੀਜਨ ਦੀ ਕਮੀ ਕਾਰਨ ਉਨ੍ਹਾਂ ਦੀ ਮੌਤ ਹੋ ਗਈ।

ਇਸ ਦੁਖਦਾਈ ਖ਼ਬਰ ਨਾਲ ਪਿੰਡ ਬਿੰਦਰਖ ਅਤੇ ਆਲੇ-ਦੁਆਲੇ ਦੇ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ। ਪਰਿਵਾਰ ਅਤੇ ਪਿੰਡ ਵਾਸੀਆਂ ਲਈ ਇਹ ਵੱਡਾ ਸਦਮਾ ਹੈ, ਕਿਉਂਕਿ ਸ਼ਹੀਦ ਜਵਾਨ ਦਾ ਵਿਆਹ ਅਜੇ 25 ਜਨਵਰੀ 2026 ਨੂੰ ਹੀ ਹੋਇਆ ਸੀ।

ਸ਼ਹੀਦ ਦੇ ਤਾਇਆ ਸੁਖਵਿੰਦਰ ਸਿੰਘ ਬਿੰਦਰਖ ਨੇ ਦੱਸਿਆ ਕਿ ਸ਼ਹੀਦ ਜਵਾਨ ਦੀ ਮ੍ਰਿਤਕ ਦੇਹ ਅੱਜ ਉਨ੍ਹਾਂ ਦੇ ਜੱਦੀ ਪਿੰਡ ਬਿੰਦਰਖ ਪਹੁੰਚੇਗੀ, ਜਿੱਥੇ ਪੂਰੇ ਸਰਕਾਰੀ ਅਤੇ ਫ਼ੌਜੀ ਸਨਮਾਨਾਂ ਨਾਲ ਅੰਤਿਮ ਸਸਕਾਰ ਕੀਤਾ ਜਾਵੇਗਾ।

ਦੇਸ਼ ਲਈ ਦਿੱਤੀ ਇਸ ਕੁਰਬਾਨੀ ਨੂੰ ਹਮੇਸ਼ਾਂ ਯਾਦ ਰੱਖਿਆ ਜਾਵੇਗਾ।