ਦੇਸ਼ ਦੇ ਇਤਿਹਾਸ ਵਿੱਚ ਦੂਜੀ ਵਾਰ ਸਭ ਤੋਂ ਸੁੱਕਾ ਜੂਨ, ਆਮ ਨਾਲੋਂ 42% ਘੱਟ ਮੀਂਹ ਦਰਜ

ਨਵੀਂ ਦਿੱਲੀ : ਦੇਸ਼ ਵਿੱਚ ਮਾਨਸੂਨ ਦੀ ਬਾਰਿਸ਼ ਦੇ 126 ਸਾਲਾਂ ਦੇ ਇਤਿਹਾਸ ਵਿੱਚ ਇਸ ਵਾਰ ਜੂਨ ਮਹੀਨਾ ਦੂਜੀ ਵਾਰ ਸਭ ਤੋਂ ਸੁੱਕਾ ਸਾਬਤ ਹੋ ਰਿਹਾ ਹੈ। 21 ਜੂਨ ਤੱਕ ਦੇਸ਼ ਭਰ ਵਿੱਚ ਸਿਰਫ਼ 57.4 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ, ਜੋ ਆਮ ਨਾਲੋਂ 42.2 ਫੀਸਦੀ ਘੱਟ ਹੈ। ਇਸ ਤੋਂ ਪਹਿਲਾਂ ਸਾਲ 2009 ਵਿੱਚ ਪੂਰੇ ਜੂਨ ਦੌਰਾਨ 49 ਫੀਸਦੀ ਘੱਟ ਬਾਰਿਸ਼ ਦਰਜ ਕੀਤੀ ਗਈ ਸੀ, ਜਿਸ ਦਾ ਖੇਤੀਬਾੜੀ ‘ਤੇ ਵੀ ਵੱਡਾ ਅਸਰ ਪਿਆ ਸੀ।

ਮੌਸਮ ਵਿਭਾਗ ਅਨੁਸਾਰ ਬੰਗਾਲ ਦੀ ਖਾੜੀ ਉੱਤੇ ਬਣੀ ਨਵੀਂ ਮੌਸਮੀ ਪ੍ਰਣਾਲੀ ਕਾਰਨ ਮਾਨਸੂਨ ਦੇ ਅਗਲੇ ਕੁਝ ਦਿਨਾਂ ਵਿੱਚ ਰਫ਼ਤਾਰ ਫੜਨ ਦੀ ਸੰਭਾਵਨਾ ਹੈ। ਇਹ ਪ੍ਰਣਾਲੀ ਮਾਨਸੂਨ ਨੂੰ ਛੱਤੀਸਗੜ੍ਹ ਵੱਲ ਅੱਗੇ ਵਧਾਉਣ ਵਿੱਚ ਮਦਦ ਕਰੇਗੀ। ਇਸੇ ਦੌਰਾਨ ਮੇਘਾਲਿਆ ਦੇ ਮਾਵਸਿਨਰਾਮ ਵਿੱਚ 24 ਘੰਟਿਆਂ ਦੌਰਾਨ 530 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ, ਜੋ ਇਕ ਰਾਤ ਵਿੱਚ ਜੋਧਪੁਰ ਅਤੇ ਬੀਕਾਨੇਰ ਵਿੱਚ ਛੇ ਮਹੀਨਿਆਂ ਦੌਰਾਨ ਪੈਣ ਵਾਲੀ ਬਾਰਿਸ਼ ਦੇ ਬਰਾਬਰ ਹੈ।

ਦੂਜੇ ਪਾਸੇ ਦੇਸ਼ ਦੇ ਕਈ ਹਿੱਸੇ ਅਜੇ ਵੀ ਭਿਆਨਕ ਗਰਮੀ ਦੀ ਲਪੇਟ ਵਿੱਚ ਹਨ। ਮੱਧ ਪ੍ਰਦੇਸ਼ ਦੇ ਪੰਜ ਜ਼ਿਲ੍ਹਿਆਂ ਅਤੇ ਉੱਤਰ ਪ੍ਰਦੇਸ਼ ਦੇ 38 ਜ਼ਿਲ੍ਹਿਆਂ ਲਈ ਹੀਟਵੇਵ ਅਲਰਟ ਜਾਰੀ ਕੀਤਾ ਗਿਆ ਹੈ। ਉੱਤਰ ਪ੍ਰਦੇਸ਼, ਪੂਰਬੀ ਮੱਧ ਪ੍ਰਦੇਸ਼ ਅਤੇ ਵਿਦਰਭ ਦੇ ਕਈ ਇਲਾਕਿਆਂ ਵਿੱਚ ਤਾਪਮਾਨ 40 ਤੋਂ 42 ਡਿਗਰੀ ਸੈਲਸੀਅਸ ਦਰਮਿਆਨ ਦਰਜ ਕੀਤਾ ਜਾ ਰਿਹਾ ਹੈ। ਇਸੇ ਤਰ੍ਹਾਂ ਤੇਲੰਗਾਨਾ, ਬਿਹਾਰ, ਗੁਜਰਾਤ, ਹਰਿਆਣਾ, ਝਾਰਖੰਡ, ਓਡੀਸ਼ਾ ਅਤੇ ਰਾਜਸਥਾਨ ਦੇ ਕਈ ਖੇਤਰ ਵੀ ਤਿੱਖੀ ਗਰਮੀ ਦਾ ਸਾਹਮਣਾ ਕਰ ਰਹੇ ਹਨ।

ਵਿਦਰਭ ਦੇ ਅੱਠ ਜ਼ਿਲ੍ਹਿਆਂ ਵਿੱਚ ਰਾਤ ਦੇ ਤਾਪਮਾਨ ਵਿੱਚ ਵੀ ਵਾਧਾ ਦਰਜ ਕੀਤਾ ਗਿਆ ਹੈ, ਜਿਸ ਕਾਰਨ ਉੱਥੇ ਲੂ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਉੱਤਰ ਪ੍ਰਦੇਸ਼ ਦਾ ਬਾਂਦਾ ਲਗਾਤਾਰ ਦੂਜੇ ਦਿਨ ਦੇਸ਼ ਦਾ ਸਭ ਤੋਂ ਗਰਮ ਸਥਾਨ ਰਿਹਾ, ਜਿੱਥੇ ਵੱਧ ਤੋਂ ਵੱਧ ਤਾਪਮਾਨ 42.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਸ ਤੋਂ ਇਲਾਵਾ ਕਾਨਪੁਰ, ਵਾਰਾਣਸੀ, ਬਹਿਰਾਈਚ, ਪ੍ਰਯਾਗਰਾਜ, ਸ਼੍ਰੀ ਗੰਗਾਨਗਰ ਅਤੇ ਰੋਹਤਕ ਵਿੱਚ ਵੀ ਪਾਰਾ 42 ਡਿਗਰੀ ਸੈਲਸੀਅਸ ਤੋਂ ਉੱਪਰ ਰਿਹਾ।

ਮੌਸਮ ਮਾਹਿਰਾਂ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਮਾਨਸੂਨ ਦੀ ਰਫ਼ਤਾਰ ਵਧਣ ਨਾਲ ਕਈ ਖੇਤਰਾਂ ਨੂੰ ਗਰਮੀ ਤੋਂ ਰਾਹਤ ਮਿਲ ਸਕਦੀ ਹੈ ਅਤੇ ਖੇਤੀਬਾੜੀ ਲਈ ਵੀ ਹਾਲਾਤ ਸੁਧਰਣ ਦੀ ਉਮੀਦ ਹੈ।