
Skip to content

ਅਮਿਤ ਨਖਵਾਲ: ਭਾਰਤੀ ਹਾਕੀ ਟੀਮ ਦੀ ਰਵਾਇਤੀ ਨੀਲੀ ਜਰਸੀ ਨੂੰ ਬਦਲ ਕੇ ਭਗਵੇ ਰੰਗ ਦੀ ਜਰਸੀ ਲਾਗੂ ਕਰਨ ਦੇ ਫ਼ੈਸਲੇ ਨੇ ਨਵਾਂ ਵਿਵਾਦ ਖੜ੍ਹਾ ਕਰ ਦਿੱਤਾ ਹੈ। ਹਾਕੀ ਇੰਡੀਆ ਨੇ ਅਚਾਨਕ ਆਪਣੀ ਵੈੱਬਸਾਈਟ ‘ਤੇ ਭਗਵੇ ਰੰਗ ਦੀ ਜਰਸੀ ਵਿੱਚ ਭਾਰਤੀ ਪੁਰਸ਼ ਅਤੇ ਮਹਿਲਾ ਟੀਮਾਂ ਦੀਆਂ ਤਸਵੀਰਾਂ ਜਾਰੀ ਕਰਦਿਆਂ ਐਲਾਨ ਕੀਤਾ ਕਿ 15 ਅਗਸਤ ਤੋਂ ਹਾਲੈਂਡ ਅਤੇ ਬੈਲਜੀਅਮ ਵਿੱਚ ਹੋਣ ਵਾਲੇ ਹਾਕੀ ਵਿਸ਼ਵ ਕੱਪ ਵਿੱਚ ਟੀਮਾਂ ਇਸ ਨਵੇਂ ਰੰਗ ਦੀ ਜਰਸੀ ਪਹਿਨਣਗੀਆਂ।
ਹਾਕੀ ਇੰਡੀਆ ਦੇ ਪ੍ਰਧਾਨ ਡਾ. ਦਿਲੀਪ ਟਿਰਕੀ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਤਬਦੀਲੀ ਬਾਰੇ ਪਹਿਲਾਂ ਕੋਈ ਜਾਣਕਾਰੀ ਨਹੀਂ ਸੀ। ਦੂਜੇ ਪਾਸੇ, ਸਕੱਤਰ ਜਨਰਲ ਭੋਲਾ ਨਾਥ ਸਿੰਘ ਦਾ ਦਾਅਵਾ ਹੈ ਕਿ ਇਹ ਫ਼ੈਸਲਾ ਖਿਡਾਰੀਆਂ ਅਤੇ ਸਬੰਧਤ ਧਿਰਾਂ ਨਾਲ ਸਲਾਹ-ਮਸ਼ਵਰੇ ਤੋਂ ਬਾਅਦ ਲਿਆ ਗਿਆ।
ਫੈਡਰੇਸ਼ਨ ਦਾ ਕਹਿਣਾ ਹੈ ਕਿ ਨੀਲੀ ਸਿੰਥੈਟਿਕ ਪਿੱਚਾਂ ‘ਤੇ ਨੀਲੀ ਜਰਸੀ ਕਾਰਨ ਖਿਡਾਰੀਆਂ ਨੂੰ ਇੱਕ-ਦੂਜੇ ਨੂੰ ਪਛਾਣਣ ਵਿੱਚ ਦਿੱਕਤ ਆਉਂਦੀ ਸੀ, ਜਿਸ ਨਾਲ ਮਿਸ-ਪਾਸ ਦਾ ਖਤਰਾ ਰਹਿੰਦਾ ਸੀ। ਉਨ੍ਹਾਂ ਦੇ ਮੁਤਾਬਕ ਵਿਸ਼ਵ ਕੱਪ ਲਈ ਬਾਕੀ ਰੰਗ ਪਹਿਲਾਂ ਹੀ ਅਲਾਟ ਹੋ ਚੁੱਕੇ ਸਨ ਅਤੇ ਪੀਲੇ ਤੇ ਭਗਵੇ ਵਿੱਚੋਂ ਭਗਵੇ ਰੰਗ ਦੀ ਚੋਣ ਕੀਤੀ ਗਈ।
ਹਾਲਾਂਕਿ, ਇਸ ਫ਼ੈਸਲੇ ‘ਤੇ ਕਈ ਸਵਾਲ ਉੱਠ ਰਹੇ ਹਨ। ਮੀਡੀਆ ਰਿਪੋਰਟਾਂ ਮੁਤਾਬਕ ਕੁਝ ਖਿਡਾਰੀਆਂ ਨੇ ਗੈਰ-ਰਸਮੀ ਤੌਰ ‘ਤੇ ਹੈਰਾਨੀ ਜਤਾਈ ਹੈ ਕਿ ਉਨ੍ਹਾਂ ਨਾਲ ਇਸ ਬਦਲਾਅ ਬਾਰੇ ਕੋਈ ਸਲਾਹ ਨਹੀਂ ਕੀਤੀ ਗਈ। ਇਸ ਨਾਲ ਹਾਕੀ ਇੰਡੀਆ ਦੇ ਦਾਵਿਆਂ ‘ਤੇ ਵੀ ਸਵਾਲ ਖੜ੍ਹੇ ਹੋ ਰਹੇ ਹਨ।
ਵਿਵਾਦ ਨੂੰ ਹੋਰ ਹਵਾ ਉਸ ਵੇਲੇ ਮਿਲੀ ਜਦੋਂ ਬੀਜੂ ਜਨਤਾ ਦਲ ਦੇ ਮੁਖੀ ਅਤੇ ਓਡੀਸ਼ਾ ਦੇ ਸਾਬਕਾ ਮੁੱਖ ਮੰਤਰੀ ਨਵੀਨ ਪਟਨਾਇਕ ਨੇ ਦੋਸ਼ ਲਗਾਇਆ ਕਿ ਰਾਜ ਦੀ ਭਾਜਪਾ ਸਰਕਾਰ ਨੇ ਸਪਾਂਸਰ ਹੋਣ ਦੇ ਨਾਤੇ ਇਸ ਫ਼ੈਸਲੇ ਲਈ ਦਬਾਅ ਬਣਾਇਆ। ਉੱਥੇ ਹੀ ਓਡੀਸ਼ਾ ਸਰਕਾਰ ਨੇ ਇਨ੍ਹਾਂ ਦੋਸ਼ਾਂ ਨੂੰ ਸਿਰੇ ਤੋਂ ਰੱਦ ਕਰ ਦਿੱਤਾ ਹੈ।
ਆਲੋਚਕਾਂ ਦਾ ਮੰਨਣਾ ਹੈ ਕਿ ਨੀਲਾ ਰੰਗ 1928 ਤੋਂ ਭਾਰਤੀ ਹਾਕੀ ਅਤੇ ਭਾਰਤੀ ਖੇਡਾਂ ਦੀ ਪਛਾਣ ਰਿਹਾ ਹੈ ਅਤੇ ਇਸ ਨੂੰ ਅਚਾਨਕ ਬਦਲਣਾ ਬੇਲੋੜਾ ਵਿਵਾਦ ਪੈਦਾ ਕਰ ਸਕਦਾ ਹੈ। ਹੁਣ ਸਭ ਦੀਆਂ ਨਜ਼ਰਾਂ ਹਾਕੀ ਇੰਡੀਆ ‘ਤੇ ਹਨ ਕਿ ਕੀ ਇਹ ਫ਼ੈਸਲਾ ਸਿਰਫ਼ ਵਿਸ਼ਵ ਕੱਪ ਤੱਕ ਸੀਮਤ ਰਹੇਗਾ ਜਾਂ ਆਉਣ ਵਾਲੀਆਂ ਏਸ਼ੀਆਈ ਖੇਡਾਂ ਵਿੱਚ ਵੀ ਭਾਰਤੀ ਟੀਮ ਭਗਵੇ ਰੰਗ ਦੀ ਜਰਸੀ ਵਿੱਚ ਨਜ਼ਰ ਆਵੇਗੀ।
ਰਿਪੋਰਟ: ਅਮਿਤ ਨਖਵਾਲ

Related