ਬ੍ਰਿਟੇਨ ‘ਚ ਆਪਣੀ ਸਾਬਕਾ ਪ੍ਰੇਮਿਕਾ ਦਾ ਕਤਲ ਕਰਨ ਵਾਲੇ ਭਾਰਤੀ ਵਿਅਕਤੀ ਨੂੰ 16 ਸਾਲ ਦੀ ਸਜ਼ਾ ਸੁਣਾਈ ਗਈ ਹੈ। ਹੈਦਰਾਬਾਦ ਦੇ ਰਹਿਣ ਵਾਲੇ 25 ਸਾਲਾ ਸ਼੍ਰੀਰਾਮ ਅੰਬਰਲਾ (Sriram Amberla) ਨੇ ਦੋ ਸਾਲ ਪਹਿਲਾਂ ਆਪਣੀ ਸਾਬਕਾ ਪ੍ਰੇਮਿਕਾ ਸੋਨਾ ਬੀਜੂ (Sona Biju) ਦਾ ਕਤਲ ਕਰ ਦਿੱਤਾ ਸੀ। ਮੀਡੀਆ ਰਿਪੋਰਟਾਂ ਮੁਤਾਬਕ ਅਪਰਾਧ ਕਰਨ ਤੋਂ ਪਹਿਲਾਂ ਉਸ ਨੇ ਗੂਗਲ ‘ਤੇ ਸਰਚ ਕੀਤਾ ਸੀ ਕਿ ਕਿਵੇਂ ਕਿਸੇ ਵਿਅਕਤੀ ਨੂੰ ਚਾਕੂ ਨਾਲ ਮੌਕੇ ‘ਤੇ ਮਾਰਿਆ ਜਾ ਸਕਦਾ ਹੈ।ਦਰਅਸਲ ਅੰਬਰਲਾ ਸੋਨਾ ਨਾਲ ਵਿਆਹ ਕਰਨਾ ਚਾਹੁੰਦਾ ਸੀ ਪਰ ਸੋਨਾ ਨੇ ਮਨ੍ਹਾ ਕਰ ਦਿੱਤਾ। ਇਸ ਤੋਂ ਬਾਅਦ ਇੱਕ ਦਿਨ ਅੰਬਰਲਾ ਉਸ ਰੈਸਟੋਰੈਂਟ ਵਿੱਚ ਪਹੁੰਚ ਗਿਆ ਜਿੱਥੇ ਸੋਨਾ ਕੰਮ ਕਰਦੀ ਸੀ। ਉੱਥੇ ਉਸ ਨੇ ਧਮਕੀ ਦਿੱਤੀ ਕਿ ਜੇਕਰ ਉਸ ਨੇ ਉਸ ਨਾਲ ਵਿਆਹ ਨਹੀਂ ਕਰਵਾਇਆ ਤਾਂ ਉਹ ਉਸ ਨੂੰ ਮਾਰ ਦੇਵੇਗਾ। ਹਾਲਾਂਕਿ ਉਹ ਫਿਰ ਵੀ ਵਿਆਹ ਲਈ ਰਾਜ਼ੀ ਨਹੀਂ ਹੋਈ।
ਰੈਸਟੋਰੈਂਟ ‘ਚ ਚਾਕੂ ਨਾਲ ਕੀਤਾ ਸੀ ਹਮਲਾ
ਸੋਨਾ ਨੇ ਅੰਬਰਲਾ ਨੂੰ ਕਿਹਾ ਸੀ ਕਿ ਉਹ ਉਸ ਦੇ ਮੁਤਾਬਕ ਨਹੀਂ ਰਹਿ ਸਕਦੀ। ਇਸ ਤੋਂ ਬਾਅਦ ਅੰਬਰਲਾ ਨੇ ਉਸ ਦੀ ਗਰਦਨ ਫੜੀ ਅਤੇ ਚਾਕੂ ਨਾਲ ਕਈ ਵਾਰ ਕੀਤੇ। ਸੋਨਾ ਨੂੰ ਗੰਭੀਰ ਹਾਲਤ ‘ਚ ਹਸਪਤਾਲ ‘ਚ ਭਰਤੀ ਕਰਵਾਇਆ ਗਿਆ। ਕਰੀਬ ਇੱਕ ਮਹੀਨੇ ਤੱਕ ਚੱਲੇ ਇਲਾਜ ਤੋਂ ਬਾਅਦ ਉਸਦੀ ਮੌਤ ਹੋ ਗਈ ਸੀ।
ਅਦਾਲਤ ‘ਚ ਸੁਣਵਾਈ ਦੌਰਾਨ ਦੱਸਿਆ ਗਿਆ ਕਿ ਸੋਨਾ ‘ਤੇ ਹਮਲਾ ਕਰਨ ਤੋਂ ਪਹਿਲਾਂ ਅੰਬਰਲਾ ਨੇ ਗੂਗਲ ‘ਤੇ ਸਰਚ ਕੀਤਾ ਸੀ ਕਿ ਕਿਸੇ ਵਿਅਕਤੀ ਨੂੰ ਚਾਕੂ ਨਾਲ ਆਸਾਨੀ ਨਾਲ ਕਿਵੇਂ ਮਾਰਿਆ ਜਾ ਸਕਦਾ ਹੈ? ਕਿਵੇਂ ਮਾਰਨ ਨਾਲ ਵਿਅਕਤੀ ਦੀ ਤੁਰੰਤ ਮੌਤ ਹੋ ਜਾਵੇਗੀ?