ਅਮਰੀਕਾ ਵਿੱਚ ਭਾਰਤੀ ਮੂਲ ਦੇ ਵਿਦਿਆਰਥੀਆਂ ਦੀਆਂ ਮੌਤਾਂ ਦੇ ਮਾਮਲੇ ਵੱਧਦੇ ਜਾ ਰਹੇ ਹਨ। ਹੁਣ ਅਮਰੀਕਾ ਦੇ ਬੋਸਟਨ ਵਿੱਚ ਇੱਕ ਭਾਰਤੀ ਮੂਲ ਦੇ ਵਿਦਿਆਰਥੀ ਦੀ ਰਹੱਸਮਈ ਹਾਲਾਤਾਂ ਵਿੱਚ ਮੌਤ ਹੋ ਗਈ ਹੈ। ਹਾਲਾਂਕਿ ਸ਼ੁਰੂਆਤੀ ਜਾਂਚ ‘ਚ ਕੁਝ ਵੀ ਗਲਤ ਨਹੀਂ ਪਾਇਆ ਗਿਆ ਹੈ। ਪਰ ਫਿਰ ਵੀ ਵੱਖ-ਵੱਖ ਮਾਮਲਿਆਂ ‘ਚ ਭਾਰਤੀ ਵਿਦਿਆਰਥੀਆਂ ਦੀਆਂ ਲਗਾਤਾਰ ਹੋ ਰਹੀਆਂ ਮੌਤਾਂ ਕਾਰਨ ਕਈ ਸਵਾਲ ਖੜ੍ਹੇ ਹੋ ਰਹੇ ਹਨ।

    ਬੋਸਟਨ ਵਿੱਚ ਮਰਨ ਵਾਲੇ ਭਾਰਤੀ ਵਿਦਿਆਰਥੀ ਦਾ ਨਾਮ ਅਭਿਜੀਤ ਪਰਚੂਰੂ (20) ਹੈ। ਮੂਲ ਰੂਪ ਵਿੱਚ ਆਂਧਰਾ ਪ੍ਰਦੇਸ਼ ਦੇ ਰਹਿਣ ਵਾਲੇ ਅਭਿਜੀਤ ਦੇ ਮਾਤਾ-ਪਿਤਾ ਕਨੈਕਟੀਕਟ, ਅਮਰੀਕਾ ਵਿੱਚ ਰਹਿੰਦੇ ਹਨ ਅਤੇ ਅਮਰੀਕੀ ਅਤੇ ਭਾਰਤੀ ਦੂਤਾਵਾਸ ਦੇ ਅਧਿਕਾਰੀਆਂ ਨਾਲ ਸਿੱਧੇ ਸੰਪਰਕ ਵਿੱਚ ਹਨ। ਅਭਿਜੀਤ ਮਾਪਿਆਂ ਦਾ ਇਕਲੌਤਾ ਪੁੱਤ ਸੀ। ਦੱਸਿਆ ਜਾ ਰਿਹਾ ਹੈ ਕਿ ਪਰਚੁਰੂ ਦਾ ਅੰਤਿਮ ਸੰਸਕਾਰ ਉਸ ਦੇ ਗ੍ਰਹਿ ਨਗਰ ਤੇਨਾਲੀ ‘ਚ ਕੀਤਾ ਜਾ ਚੁੱਕਾ ਹੈ। ਅਮਰੀਕਾ ਵਿੱਚ ਕੰਮ ਕਰ ਰਹੀ ਇੱਕ NGO ਟੀਮ ਏਡ ਨੇ ਪਰਚੁਰੂ ਦੀ ਮ੍ਰਿਤਕ ਦੇਹ ਭਾਰਤ ਲਿਆਉਣ ਵਿੱਚ ਮਦਦ ਕੀਤੀ ਹੈ।

    ਸਾਲ 2024 ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਅਮਰੀਕਾ ਵਿੱਚ ਵੱਖ-ਵੱਖ ਕਾਰਨਾਂ ਕਰਕੇ ਅੱਧੀ ਦਰਜਨ ਤੋਂ ਵੱਧ ਭਾਰਤੀ ਮੂਲ ਦੇ ਵਿਦਿਆਰਥੀਆਂ ਦੀ ਮੌਤ ਹੋ ਚੁੱਕੀ ਹੈ। ਅਜਿਹੇ ਕਈ ਮਾਮਲੇ ਹਨ ਜਿਨ੍ਹਾਂ ਵਿੱਚ ਭਾਰਤੀ ਵਿਦਿਆਰਥੀਆਂ ਨੂੰ ਨਿਸ਼ਾਨਾ ਬਣਾ ਕੇ ਹਮਲਾ ਕੀਤਾ ਗਿਆ ਹੈ। ਅਮਰੀਕਾ ਵਿੱਚ ਰਹਿਣ ਵਾਲਾ ਭਾਰਤੀ ਭਾਈਚਾਰਾ ਭਾਰਤੀ ਮੂਲ ਦੇ ਵਿਦਿਆਰਥੀਆਂ ਉੱਤੇ ਵੱਧ ਰਹੇ ਹਮਲਿਆਂ ਤੋਂ ਚਿੰਤਤ ਹੈ।ਅਭਿਜੀਤ ਪਰਚੁਰੂ ਬੋਸਟਨ ਯੂਨੀਵਰਸਿਟੀ ਤੋਂ ਇੰਜੀਨੀਅਰਿੰਗ ਕਰ ਰਿਹਾ ਸੀ। ਅਭਿਜੀਤ ਦੀ ਲਾਸ਼ ਯੂਨੀਵਰਸਿਟੀ ਦੇ ਜੰਗਲ ‘ਚ ਇਕ ਕਾਰ ‘ਚੋਂ ਮਿਲੀ। ਮੁੱਢਲੀ ਜਾਂਚ ਵਿੱਚ ਇਸ ਮਾਮਲੇ ਵਿੱਚ ਕਿਸੇ ਸਾਜ਼ਿਸ਼ ਦੀ ਸੰਭਾਵਨਾ ਤੋਂ ਇਨਕਾਰ ਕੀਤਾ ਗਿਆ ਹੈ। ਨਿਊਯਾਰਕ ਵਿੱਚ ਭਾਰਤ ਦੇ ਕੌਂਸਲੇਟ ਜਨਰਲ ਨੇ ‘ਐਕਸ’ ‘ਤੇ ਲਿਖਿਆ, ‘ਬੋਸਟਨ ਵਿੱਚ ਇੱਕ ਭਾਰਤੀ ਵਿਦਿਆਰਥੀ ਅਭਿਜੀਤ ਪਰਚੂਰੂ ਦੀ ਮੰਦਭਾਗੀ ਮੌਤ ਬਾਰੇ ਜਾਣ ਕੇ ਬਹੁਤ ਦੁੱਖ ਹੋਇਆ।’