ਕੈਨੇਡਾ ਦੇ ਓਨਟਾਰੀਓ ਸੂਬੇ ਵਿੱਚ ਇੱਕ ਸੜਕ ਹਾਦਸੇ ਵਿੱਚ ਚਾਰ ਭਾਰਤੀ ਨਾਗਰਿਕਾਂ ਦੀ ਮੌਤ ਹੋ ਗਈ ਹੈ ਜਦਕਿ ਇੱਕ ਵਿਅਕਤੀ ਜ਼ਖ਼ਮੀ ਹੋ ਗਿਆ ਹੈ। ਇਸ ਸਬੰਧੀ ਜਾਣਕਾਰੀ ਅਧਿਕਾਰੀਆਂ ਨੇ ਦਿੱਤੀ ਹੈ। ਪੁਲਿਸ ਨੇ ਇੱਕ ਪ੍ਰੈਸ ਬਿਆਨ ਵਿੱਚ ਕਿਹਾ ਕਿ ਇਹ ਹਾਦਸਾ ਪਿਛਲੇ ਵੀਰਵਾਰ ਨੂੰ ਡਾਊਨਟਾਊਨ ਟੋਰਾਂਟੋ ਦੇ ਲੇਕ ਸ਼ੋਰ ਬੁਲੇਵਾਰਡ ਈਸਟ ਅਤੇ ਚੈਰੀ ਸਟਰੀਟ ਖੇਤਰ ਵਿੱਚ ਵਾਪਰਿਆ।

    ਪੁਲਿਸ ਮੁਤਾਬਕ 25 ਤੋਂ 32 ਸਾਲ ਦੀ ਉਮਰ ਵਿਚਕਾਰ ਪੰਜ ਲੋਕ ਟੈਸਲਾ ਦੀ ਕਾਰ ’ਚ ਯਾਤਰਾ ਕਰ ਰਹੇ ਸਨ। ਇਸੇ ਦੌਰਾਨ ਕਾਰ ਚਾਲਕ ਦੇ ਕਾਬੂ ਤੋਂ ਬਾਹਰ ਹੋ ਗਈ ਤੇ ਖੰਬੇ ਨਾਲ ਜਾ ਟਕਰਾਈ, ਜਿਸ ਤੋਂ ਬਾਅਦ ਉਸ ’ਚ ਅੱਗ ਲੱਗ ਗਈ। ਹਾਦਸੇ ਪਿੱਛੇ ਪ੍ਰਮੁੱਖ ਕਾਰਨ ਤੇਜ਼ ਰਫ਼ਤਾਰ ਦੱਸੀ ਜਾ ਰਹੀ ਹੈ। ਚਾਰ ਲੋਕਾਂ ਨੂੰ ਘਟਨਾ ਸਥਾਨ ’ਤੇ ਮ੍ਰਿਤਕ ਐਲਾਨ ਦਿੱਤਾ ਗਿਆ।

    ਜ਼ਖ਼ਮੀ ਕੁੜੀ ਨੂੰ ਇਲਾਜ ਲਈ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ। ਉੱਥੋਂ ਗੁਜ਼ਰ ਰਹੇ ਲੋਕਾਂ ਨੇ ਉਸ ਨੂੰ ਬਚਾਇਆ। ਟੋਰਾਂਟੋ ’ਚ ਭਾਰਤੀ ਕਾਰੋਬਾਰੀ ਅੰਬੈਸੀ ਨੇ ਘਟਨਾ ’ਤੇ ਦੁੱਖ ਪ੍ਰਗਟਾਉਂਦੇ ਹੋਏ ਕਿਹਾ ਕਿ ਉਹ ਸਥਾਨਕ ਅਧਿਕਾਰੀਆਂ ਤੇ ਪੀੜਤ ਪਰਿਵਾਰਾਂ ਦੇ ਸੰਪਰਕ ’ਚ ਹਨ।