ਦੇਸ਼ ਭਰ ਵਿੱਚ ਪ੍ਰੀ-ਮਾਨਸੂਨ ਦਾ ਅਸਰ, ਰਾਜਸਥਾਨ ਵਿੱਚ ਆਮ ਨਾਲੋਂ 41% ਵੱਧ ਮੀਂਹ; ਬਿਹਾਰ ਵਿੱਚ ਬਿਜਲੀ ਡਿੱਗਣ ਨਾਲ 3 ਮੌਤਾਂ

ਨਵੀਂ ਦਿੱਲੀ : ਦੇਸ਼ ਦੇ ਕਈ ਸੂਬਿਆਂ ਵਿੱਚ ਪ੍ਰੀ-ਮਾਨਸੂਨ ਗਤੀਵਿਧੀਆਂ ਤੇਜ਼ ਹੋ ਗਈਆਂ ਹਨ। ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼, ਰਾਜਸਥਾਨ, ਪੰਜਾਬ, ਹਿਮਾਚਲ ਪ੍ਰਦੇਸ਼, ਹਰਿਆਣਾ ਅਤੇ ਦਿੱਲੀ ਵਿੱਚ ਮੀਂਹ ਅਤੇ ਧੂੜ ਭਰੀਆਂ ਹਨੇਰੀਆਂ ਨੇ ਮੌਸਮ ਦਾ ਮਿਜ਼ਾਜ ਬਦਲ ਦਿੱਤਾ ਹੈ। ਮੰਗਲਵਾਰ ਨੂੰ ਮੱਧ ਪ੍ਰਦੇਸ਼ ਦੇ 17 ਜ਼ਿਲ੍ਹਿਆਂ ਵਿੱਚ ਪ੍ਰੀ-ਮਾਨਸੂਨ ਬਾਰਿਸ਼ ਦਰਜ ਕੀਤੀ ਗਈ, ਜਦਕਿ ਬਿਹਾਰ ਵਿੱਚ ਬਿਜਲੀ ਡਿੱਗਣ ਕਾਰਨ ਤਿੰਨ ਲੋਕਾਂ ਦੀ ਮੌਤ ਹੋ ਗਈ।

1 ਜੂਨ ਤੋਂ 21 ਜੂਨ ਤੱਕ ਰਾਜਸਥਾਨ ਵਿੱਚ ਆਮ ਨਾਲੋਂ 41 ਫੀਸਦੀ ਵੱਧ ਮੀਂਹ ਰਿਕਾਰਡ ਕੀਤਾ ਗਿਆ ਹੈ। ਇਸ ਦੌਰਾਨ ਆਮ ਬਾਰਿਸ਼ 28 ਮਿਲੀਮੀਟਰ ਰਹਿੰਦੀ ਹੈ, ਪਰ ਇਸ ਵਾਰ ਸੂਬੇ ਵਿੱਚ ਔਸਤ 39.3 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ। ਦਿੱਲੀ-ਐਨਸੀਆਰ ਵਿੱਚ ਮੰਗਲਵਾਰ ਦੁਪਹਿਰ ਧੂੜ ਭਰੀ ਹਨੇਰੀ ਕਾਰਨ ਦਿਨ ਵੇਲੇ ਹੀ ਹਨੇਰਾ ਛਾ ਗਿਆ, ਜਦਕਿ ਉੱਤਰ ਪ੍ਰਦੇਸ਼ ਦੇ ਛੇ ਸ਼ਹਿਰਾਂ ਵਿੱਚ 60 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਧੂੜ ਭਰੀਆਂ ਆਂਧੀਆਂ ਚੱਲੀਆਂ।

ਮੌਸਮ ਵਿਭਾਗ ਅਨੁਸਾਰ ਦੱਖਣ-ਪੱਛਮੀ ਮਾਨਸੂਨ ਤੇਲੰਗਾਨਾ, ਓਡੀਸ਼ਾ, ਛੱਤੀਸਗੜ੍ਹ, ਝਾਰਖੰਡ ਅਤੇ ਬਿਹਾਰ ਦੇ ਕੁਝ ਹਿੱਸਿਆਂ ਤੱਕ ਪਹੁੰਚ ਚੁੱਕਾ ਹੈ ਅਤੇ ਅਗਲੇ 2-3 ਦਿਨਾਂ ਵਿੱਚ ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼ ਅਤੇ ਗੁਜਰਾਤ ਵਿੱਚ ਦਾਖਲ ਹੋਣ ਦੀ ਸੰਭਾਵਨਾ ਹੈ। ਇਸੇ ਦੌਰਾਨ ਮੁੰਬਈ ਵਿੱਚ 13 ਦਿਨਾਂ ਦੀ ਦੇਰੀ ਨਾਲ ਮਾਨਸੂਨ ਪਹੁੰਚਿਆ, ਜਿਸ ਨਾਲ ਸ਼ਹਿਰ ਦੇ ਕਈ ਇਲਾਕਿਆਂ ਵਿੱਚ ਭਾਰੀ ਮੀਂਹ ਪੈ ਰਿਹਾ ਹੈ।

ਉੱਥੇ ਹੀ ਦੇਸ਼ ਦੇ ਕਈ ਹਿੱਸਿਆਂ ਵਿੱਚ ਗਰਮੀ ਦਾ ਪ੍ਰਕੋਪ ਵੀ ਜਾਰੀ ਹੈ। ਬੁੱਧਵਾਰ ਨੂੰ ਕਈ ਸ਼ਹਿਰਾਂ ਵਿੱਚ ਤਾਪਮਾਨ 40 ਡਿਗਰੀ ਸੈਲਸੀਅਸ ਤੋਂ ਉੱਪਰ ਰਿਹਾ। ਸਭ ਤੋਂ ਵੱਧ ਤਾਪਮਾਨ ਉੱਤਰ ਪ੍ਰਦੇਸ਼ ਦੇ ਬਾਂਦਾ ਵਿੱਚ 43.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।