ਕੈਨੇਡਾ ਵਿੱਚ 28 ਅਪ੍ਰੈਲ ਨੂੰ ਆਮ ਚੋਣਾਂ ਹੋਣੀਆਂ ਹਨ। ਇਸ ਲਈ ਨਾਮਜ਼ਦਗੀ ਪ੍ਰਕਿਰਿਆ ਅਜੇ ਵੀ ਜਾਰੀ ਹੈ ਪਰ ਇਸ ਦੌਰਾਨ ਪੂਰੇ ਕੈਨੇਡਾ ਵਿੱਚ ਭਾਰਤੀ ਮੂਲ ਦੇ ਲੋਕਾਂ ਦਾ ਨਾਮ ਗੂੰਜਣ ਲੱਗ ਪਿਆ ਹੈ। ਇਸ ਵਾਰ ਸੰਘੀ ਚੋਣਾਂ ਵਿੱਚ ਭਾਰਤੀ ਮੂਲ ਦੇ ਉਮੀਦਵਾਰਾਂ ਦੀ ਗਿਣਤੀ ਰਿਕਾਰਡ ਪੱਧਰ ’ਤੇ ਪਹੁੰਚ ਗਈ ਹੈ। ਹੁਣ ਤੱਕ ਪ੍ਰਾਪਤ ਅੰਕੜਿਆਂ ਅਨੁਸਾਰ, ਭਾਰਤੀ ਮੂਲ ਦੇ 75 ਤੋਂ ਵੱਧ ਉਮੀਦਵਾਰਾਂ ਨੇ ਹਾਊਸ ਆਫ਼ ਕਾਮਨਜ਼ ਵਿੱਚ ਦਾਖ਼ਲ ਹੋਣ ਲਈ ਨਾਮਜ਼ਦਗੀਆਂ ਦਾਖ਼ਲ ਕੀਤੀਆਂ ਹਨ, ਜੋ ਕਿ ਇੱਕ ਰਿਕਾਰਡ ਹੈ। ਆਉਣ ਵਾਲੇ ਦਿਨਾਂ ’ਚ ਇਹ ਗਿਣਤੀ ਹੋਰ ਵੱਧ ਸਕਦੀ ਹੈ ਕਿਉਂਕਿ ਬਹੁਤ ਸਾਰੀਆਂ ਪਾਰਟੀਆਂ ਨੇ ਅਜੇ ਤੱਕ ਆਪਣੇ ਸਾਰੇ ਉਮੀਦਵਾਰਾਂ ਦਾ ਐਲਾਨ ਨਹੀਂ ਕੀਤਾ ਹੈ।

    ਪਹਿਲਾਂ ਹੀ ਐਲਾਨੇ ਗਏ ਉਮੀਦਵਾਰਾਂ ਦੇ ਵੇਰਵਿਆਂ ਅਨੁਸਾਰ, ਸੱਤਾਧਾਰੀ ਲਿਬਰਲ ਪਾਰਟੀ ਨੇ ਹੁਣ ਤੱਕ ਘੱਟੋ-ਘੱਟ 17 ਇੰਡੋ-ਕੈਨੇਡੀਅਨ ਉਮੀਦਵਾਰ ਖੜ੍ਹੇ ਕੀਤੇ ਹਨ, ਜਦੋਂ ਕਿ ਮੁੱਖ ਵਿਰੋਧੀ ਕੰਜ਼ਰਵੇਟਿਵ ਪਾਰਟੀ ਨੇ 28 ਜਾਂ ਵੱਧ ਭਾਰਤੀ ਮੂਲ ਦੇ ਉਮੀਦਵਾਰਾਂ ’ਤੇ ਭਰੋਸਾ ਕੀਤਾ ਹੈ। ਹੋਰ ਇੰਡੋ-ਕੈਨੇਡੀਅਨ ਉਮੀਦਵਾਰਾਂ ’ਚੋਂ 10 ਨਿਊ ਡੈਮੋਕ੍ਰੇਟਿਕ ਪਾਰਟੀ ਦੇ ਹਨ। ਇਸ ਤੋਂ ਇਲਾਵਾ ਪੀਪਲਜ਼ ਪਾਰਟੀ ਆਫ਼ ਕੈਨੇਡਾ ਦੇ ਅੱਠ ਭਾਰਤੀ ਮੂਲ ਦੇ ਉਮੀਦਵਾਰ ਹਨ। ਗ੍ਰੀਨ ਪਾਰਟੀ ਨੇ ਚਾਰ ਭਾਰਤੀ ਮੂਲ ਦੇ ਉਮੀਦਵਾਰਾਂ ਨੂੰ ਮੈਦਾਨ ’ਚ ਉਤਾਰਨ ਦਾ ਵੀ ਐਲਾਨ ਕੀਤਾ ਹੈ। ਕੁਝ ਪ੍ਰਮੁੱਖ ਆਜ਼ਾਦ ਉਮੀਦਵਾਰ ਵੀ ਭਾਰਤੀ ਮੂਲ ਦੇ ਹਨ।
    ਪੰਜਾਬੀ ਮੂਲ ਦੇ 50 ਤੋਂ ਵੱਧ ਉਮੀਦਵਾਰ
    ਇਨ੍ਹਾਂ ’ਚੋਂ 50 ਤੋਂ ਵੱਧ ਉਮੀਦਵਾਰ, ਯਾਨੀ ਦੋ ਤਿਹਾਈ ਤੋਂ ਵੱਧ, ਪੰਜਾਬ ਨਾਲ ਸਬੰਧਤ ਹਨ। ਪੰਜਾਬੀ ਮੂਲ ਦੇ ਅਜਿਹੇ ਉਮੀਦਵਾਰਾਂ ਦੀ ਇੱਕ ਵੱਡੀ ਗਿਣਤੀ, ਲਗਭਗ 50, ਪਹਿਲੀ ਵਾਰ ਸੰਘੀ ਰਾਜਨੀਤੀ ਵਿੱਚ ਦਾਖ਼ਲ ਹੋ ਰਹੇ ਹਨ। ਦੱਸ ਦੇਈਏ ਕਿ 2021 ਦੀਆਂ ਸੰਘੀ ਚੋਣਾਂ ’ਚ 60 ਇੰਡੋ-ਕੈਨੇਡੀਅਨ ਉਮੀਦਵਾਰ ਸਨ। ਚੋਣਾਂ ਤੋਂ ਬਾਅਦ, ਇਨ੍ਹਾਂ ’ਚੋਂ 21 ਭਾਰਤੀ-ਕੈਨੇਡੀਅਨ ਸੰਸਦ ਮੈਂਬਰ ਵਜੋਂ ਸਦਨ ਪਹੁੰਚੇ। ਪਿਛਲੇ ਮਹੀਨੇ ਚੋਣਾਂ ਦੇ ਐਲਾਨ ਤੋਂ ਬਾਅਦ ਉਹ ਸੰਸਦ ਭੰਗ ਕਰ ਦਿੱਤੀ ਗਈ ਸੀ। ਹੁਣ 2025 ’ਚ ਇਹ ਗਿਣਤੀ 60 ਤੋਂ ਲਗਭਗ 1.25 ਗੁਣਾ ਵੱਧ ਹੋਣ ਦੀ ਸੰਭਾਵਨਾ ਹੈ।

    ਦੋ ਮੌਜੂਦਾ ਭਾਰਤੀ ਮੂਲ ਦੇ ਮੰਤਰੀ ਵੀ ਲੜ ਰਹੇ ਨੇ ਚੋਣ 
    ਸੱਤਾਧਾਰੀ ਲਿਬਰਲ ਪਾਰਟੀ ਦੇ ਦੋ ਇੰਡੋ-ਕੈਨੇਡੀਅਨ ਕੈਬਨਿਟ ਮੰਤਰੀ ਦੁਬਾਰਾ ਚੋਣ ਲੜ ਰਹੇ ਹਨ। ਇਨ੍ਹਾਂ ’ਚ ਓਕਵਿਲ ਈਸਟ ਤੋਂ ਅਨੀਤਾ ਆਨੰਦ ਅਤੇ ਬਰੈਂਪਟਨ ਵੈਸਟ ਤੋਂ ਕਮਲ ਖੇੜਾ ਸ਼ਾਮਲ ਹਨ। ਦੋਵੇਂ ਹਲਕੇ ਗ੍ਰੇਟਰ ਟੋਰਾਂਟੋ ਏਰੀਆ ਜਾਂ ਜੀਟੀਏ ਅਧੀਨ ਆਉਂਦੇ ਹਨ। ਸਾਬਕਾ ਕੈਬਨਿਟ ਮੰਤਰੀ ਆਰਿਫ਼ ਵਿਰਾਨੀ ਅਤੇ ਹਰਜੀਤ ਸੱਜਣ ਪਹਿਲਾਂ ਹੀ ਐਲਾਨ ਕਰ ਚੁੱਕੇ ਹਨ ਕਿ ਉਹ 2025 ਦੀਆਂ ਚੋਣਾਂ ਤੋਂ ਬਾਹਰ ਹੋ ਰਹੇ ਹਨ। ਵਾਟਰਲੂ ਵਿੱਚ ਬਰਦੀਸ਼ ਚੈਗਰ ਅਤੇ ਬਰੈਂਪਟਨ ਨੌਰਥ-ਕੈਲੇਡਨ ਵਿੱਚ ਰੂਬੀ ਸਹੋਤਾ ਸਮੇਤ ਹੋਰ ਸਾਬਕਾ ਲਿਬਰਲ ਮੰਤਰੀ ਵੀ ਚੋਣ ਮੈਦਾਨ ਵਿੱਚ ਹਨ।

    ਚੰਦਰ ਆਰੀਆ ਦੀ ਟਿਕਟ ਰੱਦ
    ਇਨ੍ਹਾਂ ਤੋਂ ਇਲਾਵਾ, ਅਮਰਜੀਤ ਸੋਹੀ ਜੋ 2015 ਤੋਂ 2019 ਤੱਕ ਕੈਬਨਿਟ ਮੰਤਰੀ ਰਹੇ ਅਤੇ ਇਸ ਸਮੇਂ ਐਡਮੰਟਨ ਦੇ ਮੇਅਰ ਹਨ, ਸੰਘੀ ਰਾਜਨੀਤੀ ਵਿੱਚ ਵਾਪਸ ਆ ਰਹੇ ਹਨ ਅਤੇ ਅਲਬਰਟਾ ਦੇ ਐਡਮੰਟਨ ਦੱਖਣ-ਪੂਰਬ ਤੋਂ ਚੋਣ ਲੜ ਰਹੇ ਹਨ। ਹਾਲਾਂਕਿ, ਕੁਝ ਪ੍ਰਮੁੱਖ ਭਾਰਤੀ ਮੂਲ ਦੀਆਂ ਰਾਜਨੀਤਕ ਹਸਤੀਆਂ ਜਿਵੇਂ ਕਿ ਤਿੰਨ ਵਾਰ ਸੰਸਦ ਮੈਂਬਰ ਚੰਦਰ ਆਰੀਆ ਇਸ ਵਾਰ ਚੋਣ ਲੜਨ ਤੋਂ ਵਾਂਝੇ ਰਹਿ ਗਏ ਹਨ। ਚੰਦਰ ਆਰੀਆ ਨੂੰ ਪਿਛਲੇ ਮਹੀਨੇ ਲਿਬਰਲ ਪਾਰਟੀ ਨੇ ਚੋਣ ਲੜਨ ਤੋਂ ਅਯੋਗ ਕਰਾਰ ਦਿੱਤਾ ਸੀ। ਉਨ੍ਹਾਂ ਦੀ ਥਾਂ ਲੈਣ ਵਾਲੇ ਉਮੀਦਵਾਰ ਖੁਦ ਪ੍ਰਧਾਨ ਮੰਤਰੀ ਮਾਰਕ ਕਾਰਨੀ ਹਨ। ਐਨਡੀਪੀ ਜਗਮੀਤ ਸਿੰਘ ਬ੍ਰਿਟਿਸ਼ ਕੋਲੰਬੀਆ ਦੇ ਬਰਨਬੀ ਸੈਂਟਰਲ ਤੋਂ ਦੁਬਾਰਾ ਚੋਣ ਲੜ ਰਹੇ ਹਨ।