ਰੂਸ ਨੇ ਅਮਰੀਕਾ ‘ਤੇ ਭਾਰਤ ਦੇ ਘਰੇਲੂ ਮਾਮਲਿਆਂ ਅਤੇ ਚੱਲ ਰਹੀਆਂ ਚੋਣਾਂ ‘ਚ ਦਖਲ ਦੇਣ ਦਾ ਇਲਜ਼ਾਮ ਲਗਾਉਂਦੇ ਹੋਏ ਕਿਹਾ ਹੈ ਕਿ ਅਮਰੀਕਾ ਨੇ ਅਜੇ ਤਕ ਅਪਣੇ ਦੇਸ਼ ‘ਚ ਗਰਮਖਿਆਲੀ ਨੂੰ ਮਾਰਨ ਦੀ ਸਾਜ਼ਿਸ਼ ‘ਚ ਭਾਰਤੀ ਨਾਗਰਿਕਾਂ ਦੇ ਸ਼ਾਮਲ ਹੋਣ ਦਾ ਕੋਈ ਠੋਸ ਸਬੂਤ ਨਹੀਂ ਦਿਤਾ ਹੈ।

    ਅਮਰੀਕੀ ਸੰਘੀ ਵਕੀਲਾਂ ਨੇ ਪਿਛਲੇ ਸਾਲ ਨਵੰਬਰ ਵਿਚ ਭਾਰਤੀ ਨਾਗਰਿਕ ਨਿਖਿਲ ਗੁਪਤਾ ਉਤੇ ਗੁਰਪਤਵੰਤ ਸਿੰਘ ਪੰਨੂ ਦੀ ਹਤਿਆ ਦੀ ਇਕ ਨਾਕਾਮ ਸਾਜ਼ਿਸ਼ ਵਿਚ ਇਕ ਭਾਰਤੀ ਸਰਕਾਰੀ ਕਰਮਚਾਰੀ ਨਾਲ ਮਿਲ ਕੇ ਕੰਮ ਕਰਨ ਦਾ ਇਲਜ਼ਾਮ ਲਗਾਇਆ ਸੀ। ਭਾਰਤ ‘ਚ ਲੋੜੀਂਦੇ ਪੰਨੂ ਕੋਲ ਅਮਰੀਕਾ ਅਤੇ ਕੈਨੇਡਾ ਦੀ ਦੋਹਰੀ ਨਾਗਰਿਕਤਾ ਹੈ। ਗੈਰਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ ਤਹਿਤ ਕੇਂਦਰੀ ਗ੍ਰਹਿ ਮੰਤਰਾਲੇ ਨੇ ਉਸ ਨੂੰ ਅਤਿਵਾਦੀ ਵਜੋਂ ਸੂਚੀਬੱਧ ਕੀਤਾ ਸੀ।

    ‘ਵਾਸ਼ਿੰਗਟਨ ਪੋਸਟ’ ਨੇ ਅਪਣੀ ਇਕ ਰਿਪੋਰਟ ‘ਚ ਦਾਅਵਾ ਕੀਤਾ ਹੈ ਕਿ ਭਾਰਤ ਰੂਸ ਅਤੇ ਸਾਊਦੀ ਅਰਬ ਵਰਗੀਆਂ ਨੀਤੀਆਂ ਅਪਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਜਦੋਂ ਰੂਸੀ ਵਿਦੇਸ਼ ਮੰਤਰਾਲੇ ਦੀ ਬੁਲਾਰਾ ਮਾਰੀਆ ਜ਼ਖਾਰੋਵਾ ਨੂੰ ਇਸ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ, “ਸਾਡੇ ਕੋਲ ਜੋ ਜਾਣਕਾਰੀ ਹੈ, ਵਾਸ਼ਿੰਗਟਨ ਨੇ ਅਜੇ ਤਕ ਜੀਐਸ ਪੰਨੂ ਦੀ ਹਤਿਆ ਦੀ ਸਾਜ਼ਸ਼ ਵਿਚ ਭਾਰਤੀ ਨਾਗਰਿਕਾਂ ਦੇ ਸ਼ਾਮਲ ਹੋਣ ਦਾ ਕੋਈ ਭਰੋਸੇਯੋਗ ਸਬੂਤ ਨਹੀਂ ਦਿਤਾ ਹੈ। ਸਬੂਤਾਂ ਦੀ ਅਣਹੋਂਦ ਵਿਚ ਇਸ ਵਿਸ਼ੇ ‘ਤੇ ਕਿਆਸ ਲਗਾਉਣਾ ਅਸਵੀਕਾਰਨਯੋਗ ਹੈ”। ਉਨ੍ਹਾਂ ਕਿਹਾ ਕਿ ਅਮਰੀਕਾ ਭਾਰਤ ਦੀ ਕੌਮੀ ਸੋਚ ਅਤੇ ਇਤਿਹਾਸ ਨੂੰ ਨਹੀਂ ਸਮਝਦਾ ਅਤੇ ਭਾਰਤ ਵਿਚ ਧਾਰਮਿਕ ਆਜ਼ਾਦੀ ਬਾਰੇ ‘ਬੇਬੁਨਿਆਦ ਦੋਸ਼’ ਲਗਾਉਂਦਾ ਰਹਿੰਦਾ ਹੈ।

    ਜ਼ਖਾਰੋਵਾ ਨੇ ਕਿਹਾ, ”ਅਮਰੀਕਾ ਨਵੀਂ ਦਿੱਲੀ ‘ਤੇ ਨਿਯਮਿਤ ਤੌਰ ‘ਤੇ ਬੇਬੁਨਿਆਦ ਇਲਜ਼ਾਮ ਲਗਾਉਂਦਾ ਹੈ… ਅਸੀਂ ਦੇਖਦੇ ਹਾਂ ਕਿ ਉਹ ਭਾਰਤ ‘ਤੇ ਹੀ ਨਹੀਂ ਸਗੋਂ ਕਈ ਹੋਰ ਦੇਸ਼ਾਂ ‘ਤੇ ਵੀ ਧਾਰਮਿਕ ਆਜ਼ਾਦੀ ਦੀ ਉਲੰਘਣਾ ਕਰਨ ਦੇ ਬੇਬੁਨਿਆਦ ਦੋਸ਼ ਲਗਾਉਂਦੇ ਹਨ, ਜਿਸ ਤੋਂ ਪਤਾ ਲੱਗਦਾ ਹੈ ਕਿ ਅਮਰੀਕਾ ਭਾਰਤ ਦੀ ਰਾਸ਼ਟਰੀ ਵਿਚਾਰਧਾਰਾ ਨੂੰ ਨਹੀਂ ਸਮਝਦਾ। ਉਸ ਨੂੰ ਭਾਰਤ ਦੇ ਵਿਕਾਸ ਦੇ ਇਤਿਹਾਸਕ ਸੰਦਰਭ ਦੀ ਸਮਝ ਨਹੀਂ ਹੈ ਅਤੇ ਉਹ ਇਕ ਦੇਸ਼ ਵਜੋਂ ਭਾਰਤ ਦਾ ਸਨਮਾਨ ਨਹੀਂ ਕਰਦਾ”।

    ਰੂਸੀ ਬੁਲਾਰੇ ਨੇ ਇਸ ਦਖਲਅੰਦਾਜ਼ੀ ਨੂੰ ‘ਬਸਤੀਵਾਦੀ ਮਾਨਸਿਕਤਾ’ ਕਰਾਰ ਦਿਤਾ ਅਤੇ ਅਮਰੀਕਾ ‘ਤੇ ਲੋਕ ਸਭਾ ਚੋਣਾਂ ਨੂੰ ਪੇਚੀਦਾ ਬਣਾਉਣ ਦਾ ਦੋਸ਼ ਲਾਇਆ।ਆਰਟੀ ਨਿਊਜ਼ ਨੇ ਜ਼ਖਾਰੋਵਾ ਦੇ ਹਵਾਲੇ ਨਾਲ ਕਿਹਾ, “ਉਹ ਆਮ ਸੰਸਦੀ ਚੋਣਾਂ ਨੂੰ ਗੁੰਝਲਦਾਰ ਬਣਾਉਣ ਲਈ ਭਾਰਤ ਦੀ ਅੰਦਰੂਨੀ ਸਿਆਸੀ ਸਥਿਤੀ ਨੂੰ ਅਸੰਤੁਲਿਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਇਹ ਭਾਰਤ ਦੇ ਅੰਦਰੂਨੀ ਮਾਮਲਿਆਂ ਵਿਚ ਦਖਲ ਦੇਣ ਦਾ ਇਕ ਤਰੀਕਾ ਹੈ”।

    ਉਨ੍ਹਾਂ ਕਿਹਾ, “ਘਰੇਲੂ ਅਤੇ ਅੰਤਰਰਾਸ਼ਟਰੀ ਤੌਰ ‘ਤੇ, ਵਾਸ਼ਿੰਗਟਨ ਨਾਲੋਂ ਵਧੇਰੇ ਦਮਨਕਾਰੀ ਸ਼ਾਸਨ ਦੀ ਕਲਪਨਾ ਕਰਨਾ ਮੁਸ਼ਕਲ ਹੈ”। ‘ਵਾਸ਼ਿੰਗਟਨ ਪੋਸਟ’ ਨੇ ਬੇਨਾਮ ਸੂਤਰਾਂ ਦਾ ਹਵਾਲਾ ਦਿੰਦੇ ਹੋਏ ਪਿਛਲੇ ਸਾਲ ਅਮਰੀਕੀ ਧਰਤੀ ‘ਤੇ ਪੰਨੂ ਦੀ ਹਤਿਆ ਦੀ ਕਥਿਤ ਸਾਜ਼ਿਸ਼ ‘ਚ ‘ਰਿਸਰਚ ਐਂਡ ਐਨਾਲਿਸਿਸ ਵਿੰਗ’ (ਰਾਅ) ਦੇ ਅਧਿਕਾਰੀ ਦੀ ਸ਼ਮੂਲੀਅਤ ਦਾ ਦੋਸ਼ ਲਗਾਇਆ ਸੀ। ਭਾਰਤ ਨੇ ਇਨ੍ਹਾਂ ਇਲਜ਼ਾਮਾਂ ਨੂੰ ਸਿਰੇ ਤੋਂ ਖਾਰਜ ਕਰਦੇ ਹੋਏ ਕਿਹਾ ਹੈ ਕਿ ਰਿਪੋਰਟ ‘ਚ ਗੰਭੀਰ ਮਾਮਲੇ ‘ਤੇ ‘ਅਣਉਚਿਤ ਅਤੇ ਬੇਬੁਨਿਆਦ’ ਦੋਸ਼ ਲਗਾਏ ਗਏ ਹਨ ਅਤੇ ਮਾਮਲੇ ਦੀ ਜਾਂਚ ਜਾਰੀ ਹੈ।