ਇੰਡੋਨੇਸ਼ੀਆ ਦੇ ਸਭ ਤੋਂ ਵੱਡੇ ਹਿੰਦੂ ਮੰਦਰ ਪ੍ਰੰਬਨਨ ਵਿਖੇ ਨਤਮਸਤਕ ਹੋਏ ਪ੍ਰਧਾਨ ਮੰਤਰੀ ਮੋਦੀ, ਸੰਭਾਲ-ਬਹਾਲੀ ਪ੍ਰੋਜੈਕਟ ਦਾ ਕੀਤਾ ਉਦਘਾਟਨ

ਯੋਗਕਾਰਤਾ (ਅਰਸ਼ਦੀਪ ਸਿੰਘ ਕਾਲੜਾ)  :- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੀ ਇੰਡੋਨੇਸ਼ੀਆ ਯਾਤਰਾ ਦੇ ਤੀਜੇ ਅਤੇ ਆਖਰੀ ਦਿਨ ਯੋਗਕਾਰਤਾ ਸਥਿਤ ਦੇਸ਼ ਦੇ ਸਭ ਤੋਂ ਵੱਡੇ ਹਿੰਦੂ ਮੰਦਰ ਪ੍ਰੰਬਨਨ ਵਿਖੇ ਮੱਥਾ ਟੇਕਿਆ। ਇਸ ਮੌਕੇ ਇੰਡੋਨੇਸ਼ੀਆ ਦੇ ਰਾਸ਼ਟਰਪਤੀ ਪ੍ਰਬੋਵੋ ਸੁਬਿਆਂਤੋ ਵੀ ਉਨ੍ਹਾਂ ਦੇ ਨਾਲ ਮੌਜੂਦ ਰਹੇ। ਦੋਵੇਂ ਨੇ ਮਿਲ ਕੇ ਮੰਦਰ ਦੇ ਸੰਭਾਲ ਅਤੇ ਬਹਾਲੀ (Conservation & Restoration) ਪ੍ਰੋਜੈਕਟ ਦਾ ਉਦਘਾਟਨ ਕੀਤਾ ਅਤੇ ਮੰਦਰ ਕੰਪਲੈਕਸ ਦਾ ਦੌਰਾ ਵੀ ਕੀਤਾ।

ਮੰਦਰ ਕੰਪਲੈਕਸ ਵਿੱਚ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਉਨ੍ਹਾਂ ਨੂੰ ਹਮੇਸ਼ਾ ਕਿਸੇ ਨਾ ਕਿਸੇ ਰੂਪ ਵਿੱਚ ਭਗਵਾਨ ਸ਼ਿਵ ਨਾਲ ਜੁੜਨ ਦਾ ਮੌਕਾ ਮਿਲਿਆ ਹੈ। ਉਨ੍ਹਾਂ ਕਿਹਾ, “ਸੋਮਨਾਥ, ਕਾਸ਼ੀ ਵਿਸ਼ਵਨਾਥ, ਕੇਦਾਰਨਾਥ ਧਾਮ ਅਤੇ ਉੱਜੈਨ ਦੇ ਮਹਾਕਾਲ ਮੰਦਰ ਤੋਂ ਬਾਅਦ ਹੁਣ ਪ੍ਰੰਬਨਨ ਮੰਦਰ ਦੇ ਵਿਕਾਸ ਨਾਲ ਜੁੜਨਾ ਮੇਰੇ ਲਈ ਵੱਡਾ ਸੁਭਾਗ ਹੈ।”

ਪ੍ਰਧਾਨ ਮੰਤਰੀ ਮੋਦੀ ਦੀ ਇੰਡੋਨੇਸ਼ੀਆ ਯਾਤਰਾ ਦਾ ਇਹ ਆਖਰੀ ਦਿਨ ਹੈ। ਉਹ ਅੱਜ ਸ਼ਾਮ ਇੰਡੋਨੇਸ਼ੀਆ ਤੋਂ ਆਸਟ੍ਰੇਲੀਆ ਦੇ ਮੈਲਬੌਰਨ ਲਈ ਰਵਾਨਾ ਹੋਣਗੇ। ਉਨ੍ਹਾਂ ਦੀ ਆਸਟ੍ਰੇਲੀਆ ਯਾਤਰਾ 8 ਤੋਂ 10 ਜੁਲਾਈ ਤੱਕ ਰਹੇਗੀ।

ਇੱਕ ਹਜ਼ਾਰ ਸਾਲ ਪੁਰਾਣਾ ਹੈ ਪ੍ਰੰਬਨਨ ਮੰਦਰ

ਜਾਵਾ ਟਾਪੂ ‘ਤੇ ਯੋਗਕਾਰਤਾ ਨੇੜੇ ਸਥਿਤ ਪ੍ਰੰਬਨਨ ਮੰਦਰ ਦੱਖਣ-ਪੂਰਬੀ ਏਸ਼ੀਆ ਦਾ ਦੂਜਾ ਸਭ ਤੋਂ ਵੱਡਾ ਹਿੰਦੂ ਮੰਦਰ ਹੈ। ਪਹਿਲੇ ਸਥਾਨ ‘ਤੇ ਕੰਬੋਡੀਆ ਦਾ ਅੰਗਕੋਰ ਵਾਟ ਮੰਦਰ ਹੈ। ਕਰੀਬ ਇੱਕ ਹਜ਼ਾਰ ਸਾਲ ਪੁਰਾਣੇ ਇਸ ਮੰਦਰ ਕੰਪਲੈਕਸ ਵਿੱਚ ਕਦੇ ਲਗਭਗ 240 ਮੰਦਰ ਸ਼ਾਮਲ ਸਨ।

ਇਸ ਵਿੱਚ ਤ੍ਰਿਮੂਰਤੀ—ਭਗਵਾਨ ਸ਼ਿਵ, ਭਗਵਾਨ ਵਿਸ਼ਨੂੰ ਅਤੇ ਭਗਵਾਨ ਬ੍ਰਹਮਾ—ਨੂੰ ਸਮਰਪਿਤ ਤਿੰਨ ਮੁੱਖ ਮੰਦਰ ਹਨ। ਇਨ੍ਹਾਂ ਵਿੱਚੋਂ 47 ਮੀਟਰ ਉੱਚਾ ਭਗਵਾਨ ਸ਼ਿਵ ਦਾ ਮੰਦਰ ਸਭ ਤੋਂ ਵਿਸ਼ਾਲ ਹੈ। ਮੰਦਰ ਦੀਆਂ ਕੰਧਾਂ ‘ਤੇ ਰਾਮਾਇਣ ਅਤੇ ਹੋਰ ਹਿੰਦੂ ਧਾਰਮਿਕ ਗ੍ਰੰਥਾਂ ਨਾਲ ਸੰਬੰਧਿਤ ਕਥਾਵਾਂ ਦੀ ਸ਼ਾਨਦਾਰ ਨੱਕਾਸ਼ੀ ਕੀਤੀ ਗਈ ਹੈ।