ਜਲੰਧਰ : ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) ਦੇ ਚੇਅਰਮੈਨ ਨੇ ਸਾਫ਼ ਕਰ ਦਿੱਤਾ ਹੈ ਕਿ ਸੀਜ਼ਨ 13 ਦਾ ਆਯੋਜਨ 19 ਸਤੰਬਰ ਤੋਂ 8 ਨਵੰਬਰ ਦੇ ਵਿੰਡੋ ‘ਚ ਕੀਤਾ ਜਾਵੇਗਾ। ਇਹ ਟੂਰਨਾਮੈਂਟ ਭਾਰਤ ਤੋਂ ਬਾਹਰ ਯੂ.ਏ.ਈ. ‘ਚ ਖੇਡਿਆ ਜਾਵੇਗਾ। ਆਈ.ਪੀ.ਐੱਲ. ਦੇ ਚੇਅਰਮੈਨ ਨੇ ਪੀ.ਟੀ.ਆਈ. ਨੂੰ ਇਹ ਜਾਣਕਾਰੀ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਅਗਲੇ ਹਫ਼ਤੇ ਇਕ ਬੈਠਕ ਹੋਵੇਗੀ, ਜਿਸ ‘ਚ ਇਸ ਨੂੰ ਅੰਤਿਮ ਰੂਪ ਦੇਣ ਦੇ ਨਾਲ-ਨਾਲ ਪ੍ਰੋਗਰਾਮ ਨੂੰ ਮਨਜ਼ੂਰੀ ਦਿੱਤੀ ਜਾਵੇਗੀ। ਇਹ ਵੀ ਪਤਾ ਲੱਗਾ ਹੈ ਕਿ ਭਾਰਤੀ ਕ੍ਰਿਕਟ ਬੋਰਡ ਆਫ਼ ਇੰਡੀਆ (ਬੀਸੀਸੀਆਈ) ਨੇ ਆਪਣੀ ਯੋਜਨਾ ਫਰੈਂਚਾਇਜ਼ੀ ਨੂੰ ਦਿੱਤੀ ਹੈ।

    ਚੇਅਰਮੈਨ ਬ੍ਰਿਜੇਸ਼ ਪਟੇਲ ਨੇ ਕਿਹਾ ਕਿ ਉਨ੍ਹਾਂ ਨੇ ਇਸ ‘ਤੇ ਕਈ ਵਾਰ ਬੈਠਕ ਕੀਤੀ ਅਤੇ ਇਹ ਤੈਅ ਕੀਤਾ ਕਿ ਆਈ.ਪੀ.ਐੱਲ. ਦੇ 13ਵੇਂ ਸੀਜ਼ਨ ਦਾ ਅਯੋਜਨ 19 ਸਤੰਬਰ ਤੋਂ 8 ਨਵੰਬਰ ਦੇ ਵਿਚਕਾਰ ਕਰਵਾਇਆ ਜਾਵੇਗਾ। ਇਸ ਸਬੰਧੀ ਉਨ੍ਹਾਂ ਨੇ ਫਰੈਂਚਾਇਜ਼ੀ ਨੂੰ ਵੀ ਸੂਚਿਤ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਸ ‘ਤੇ ਸਰਕਾਰ ਦੀ ਮਨਜ਼ੂਰੀ ਮਿਲਣ ਦੀ ਉਮੀਦ ਹੈ। ਇਹ ਪੂਰਾ 51 ਦਿਨਾਂ ਦਾ ਆਈ.ਪੀ.ਐੱਲ. ਹੋਵੇਗਾ।

    ਉਨ੍ਹਾਂ ਕਿਹਾ ਕਿ ਕੋਵਿਡ-19 ਦੇ ਖ਼ਤਰੇ ਤੋਂ ਬੱਚਣ ਲਈ ਮਿਆਰੀ ਓਪਰੇਟਿੰਗ ਵਿਧੀ (ਐੱਸ.ਓ.ਪੀ.) ਤਿਆਰ ਕੀਤੀ ਜਾ ਰਹੀ ਹੈ ਅਤੇ ਬੀਸੀਸੀਆਈ ਅਧਿਕਾਰਤ ਰੂਪ ਨਾਲ ਅਮੀਰਾਤ ਕ੍ਰਿਕਟ ਬੋਰਡ ਨੂੰ ਲਿਖੇਗਾ। ਪਟੇਲ ਨੇ ਕਿਹਾ ਕਿ ਉਹ ਐੱਸ.ਓ.ਪੀ. ਬਣਾ ਰਹੇ ਹਨ, ਜੋ ਕੁਝ ਦਿਨਾਂ ‘ਚ ਤਿਆਰ ਹੋ ਜਾਵੇਗੀ। ਦਰਸ਼ਕਾਂ ਨੂੰ ਆਗਿਆ ਦੇਣੀ ਹੈ ਜਾਂ ਨਹੀਂ ਇਹ ਯੂ.ਏ.ਈ. ਸਰਕਾਰ ‘ਤੇ ਨਿਰਭਰ ਹੈ। ਇਸ ਦਾ ਫ਼ੈਸਲਾ ਉਨ੍ਹਾਂ ‘ਤੇ ਛੱਡ ਦਿੱਤਾ ਹੈ। ਇਸ ਦੇ ਬਾਵਯੂਦ ਵੀ ਸਮਾਜਿਕ ਦੂਰੀ ਦੀ ਪਾਲਣਾ ਕਰਨੀ ਹੋਵੇਗੀ।