Skip to content
ਫਗਵਾੜਾ (ਪੁਨੀਤ) ਹਰਿਆਣਾ ਦੇ ਆਈ.ਪੀ.ਐਸ. ਅਧਿਕਾਰੀ ਵਾਈ. ਪੂਰਨ ਕੁਮਾਰ ਦੀ ਖੁਦਕੁਸ਼ੀ ਨੂੰ ਭਾਰਤੀ ਲੋਕਤੰਤਰ ਲਈ ਇੱਕ ਮੰਦਭਾਗੀ ਘਟਨਾ ਦੱਸਦੇ ਹੋਏ, ਆਮ ਆਦਮੀ ਪਾਰਟੀ ਦੇ ਸੂਬਾ ਸਪੋਕਸਪਰਸਨ ਹਰਨੂਰ ਸਿੰਘ (ਹਰਜੀ) ਮਾਨ ਇੰਚਾਰਜ ਵਿਧਾਨਸਭਾ ਹਲਕਾ ਫਗਵਾੜਾ ਨੇ ਕਿਹਾ ਕਿ ਕੇਂਦਰ ਵਿੱਚ ਨਰਿੰਦਰ ਮੋਦੀ ਸਰਕਾਰ ਦੇ ਅਧੀਨ, ਦਲਿਤਾਂ ਨੂੰ ਸਨਮਾਨ ਨਾਲ ਜਿਉਣ ਦੇ ਅਧਿਕਾਰ ਤੋਂ ਵਾਂਝਾ ਕੀਤਾ ਜਾ ਰਿਹਾ ਹੈ। ਹਰਿਆਣਾ ਪੁਲਿਸ ਦੇ ਸਵਰਗੀ ਏ.ਡੀ.ਜੀ.ਪੀ. ਵਾਈ. ਪੂਰਨ ਕੁਮਾਰ ਦੀ ਪਤਨੀ ਅਮਨੀਤ ਪੀ. ਕੁਮਾਰ (ਆਈਏਐਸ) ਨਾਲ ਹਮਦਰਦੀ ਪ੍ਰਗਟ ਕਰਦੇ ਹੋਏ ਉਨ੍ਹਾਂ ਕਿਹਾ ਕਿ ਬਾਬਾ ਸਾਹਿਬ ਡਾ. ਬੀ.ਆਰ. ਅੰਬੇਡਕਰ ਨੇ ਸੰਵਿਧਾਨ ਰਾਹੀਂ ਦਲਿਤ ਭਾਈਚਾਰੇ ਨੂੰ ਸਿੱਖਿਆ ਅਤੇ ਸਨਮਾਨਜਨਕ ਜੀਵਨ ਦਾ ਅਧਿਕਾਰ ਦਿੱਤਾ ਸੀ, ਪਰ ਕੇਂਦਰ ਅਤੇ ਹਰਿਆਣਾ ਦੀਆਂ ਭਾਜਪਾ ਸਰਕਾਰਾਂ ਨੇ ਉਨ੍ਹਾਂ ਤੋਂ ਇਹ ਅਧਿਕਾਰ ਖੋਹ ਲਿਆ ਹੈ। ਆਜ਼ਾਦੀ ਤੋਂ ਬਾਅਦ ਬਣੇ ਨਵੇਂ ਭਾਰਤ ਵਿੱਚ 75 ਸਾਲਾਂ ਬਾਅਦ ਵੀ ਦਲਿਤਾਂ ਨੂੰ ਜਾਤੀ ਸੂਚਕ ਸ਼ਬਦਾਂ ਨਾਲ ਪ੍ਰਤਾੜਿਆ ਜਾਂਦਾ ਹੈ। ਨਤੀਜਾ ਇਹ ਹੈ ਕਿ ਵਾਈ. ਪੂਰਨ ਸਿੰਘ ਵਰਗੇ ਸੀਨੀਅਰ ਪੁਲਿਸ ਅਧਿਕਾਰੀ ਨੂੰ ਖੁਦਕੁਸ਼ੀ ਲਈ ਮਜਬੂਰ ਹੋਣਾ ਪਿਆ। ਹਰਜੀ ਮਾਨ ਨੇ ਕਿਹਾ ਕਿ ਭਾਵੇਂ ਉਨ੍ਹਾਂ ਦੀ ਪਤਨੀ ਖੁਦ ਇੱਕ ਆਈ.ਏ.ਐਸ. ਅਧਿਕਾਰੀ ਹੈ, ਪਰ ਫਿਰ ਵੀ ਉਹ ਇਨਸਾਫ਼ ਲਈ ਸੰਘਰਸ਼ ਕਰਨ ਲਈ ਮਜਬੂਰ ਹੈ। ਜਦੋਂ ਇੰਨੇ ਉੱਚ ਅਹੁਦਿਆਂ ’ਤੇ ਬੈਠੇ ਦਲਿਤ ਭਾਈਚਾਰੇ ਨੂੰ ਜ਼ਲੀਲ ਕੀਤਾ ਜਾ ਰਿਹਾ ਹੈ, ਤਾਂ ਇਹ ਕਲਪਨਾ ਕਰਨਾ ਆਸਾਨ ਹੈ ਕਿ ਆਮ ਦਲਿਤਾਂ ਲਈ ਜ਼ਿੰਦਗੀ ਕਿੰਨੀ ਮੁਸ਼ਕਲ ਹੋਵੇਗੀ। ‘ਆਪ’ ਬੁਲਾਰੇ ਨੇ ਡੀ.ਜੀ.ਪੀ. ਸ਼ਤਰੂਘਨ ਕਪੂਰ ਅਤੇ ਐਸ.ਪੀ. ਨਰਿੰਦਰ ਬਿਜਾਰਿਨਿਆ ਨੂੰ ਸਵਰਗੀ ਏਡੀਜੀਪੀ ਦੀ ਮੌਤ ਲਈ ਜ਼ਿੰਮੇਵਾਰ ਠਹਿਰਾਉਂਦੇ ਹੋਏ ਤੁਰੰਤ ਬਰਖਾਸਤ ਕਰਨ ਦੀ ਮੰਗ ਕੀਤੀ ਅਤੇ ਕਿਹਾ ਕਿ ਆਮ ਆਦਮੀ ਪਾਰਟੀ ਅਤੇ ਪੂਰਾ ਦਲਿਤ ਭਾਈਚਾਰਾ ਵਾਈ. ਪੂਰਨ ਕੁਮਾਰ ਦੀ ਪਤਨੀ ਅਮਨੀਤ ਪੀ. ਕੁਮਾਰ ਲਈ ਇਨਸਾਫ਼ ਦੀ ਲੜਾਈ ‘ਚ ਪੀੜਤ ਪਰਿਵਾਰ ਦੇ ਨਾਲ ਖੜ੍ਹਾ ਹੈ। ਆਪ ਆਗੂ ਨੇ ਆਰ.ਐਸ.ਐਸ. ਵਿਚਾਰਧਾਰਾ ਦੀ ਵੀ ਸਖ਼ਤ ਨਖੇਦੀ ਕਰਦਿਆਂ ਕਿਹਾ ਕਿ ਆਰ.ਐਸ.ਐਸ. ਦੇ ਪ੍ਰਚਾਰਕ ਨਰਿੰਦਰ ਮੋਦੀ ਦੇ ਰਾਜ ਵਿੱਚ ਦੇਸ਼ ਭਰ ‘ਚ ਮਨੂਵਾਦੀ ਸੋਚ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ, ਅਤੇ ਦਲਿਤਾਂ ਵਿਰੁੱਧ ਬੇਇਨਸਾਫ਼ੀ, ਜ਼ੁਲਮ ਅਤੇ ਹਿੰਸਾ ਦਾ ਇੱਕ ਭਿਆਨਕ ਦੌਰ ਚੱਲ ਰਿਹਾ ਹੈ। ਭਾਜਪਾ ਸ਼ਾਸਿਤ ਉੱਤਰ ਪ੍ਰਦੇਸ਼ ਦੇ ਰਾਏਬਰੇਲੀ ਵਿੱਚ ਹਰੀਓਮ ਵਾਲਮੀਕਿ ਦੇ ਕਤਲ ਅਤੇ ਸੁਪਰੀਮ ਕੋਰਟ ਦੇ ਚੀਫ ਜਸਟਿਸ ਬੀ.ਆਰ. ਗਵਈ ’ਤੇ ਜੁੱਤੀ ਸੁੱਟਣ ਵਰਗੀਆਂ ਘਟਨਾਵਾਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਭਾਜਪਾ ਦਾ ਰਾਜ ਦਲਿਤਾਂ ਲਈ ਸਰਾਪ ਬਣ ਗਿਆ ਹੈ। ਭਾਵੇਂ ਕੋਈ ਆਮ ਨਾਗਰਿਕ ਹੋਵੇ ਜਾਂ ਸਖ਼ਤ ਮਿਹਨਤ ਕਰਕੇ ਉੱਚੇ ਅਹੁਦੇ ’ਤੇ ਪਹੁੰਚਿਆ ਦਲਿਤ ਹੋਵੇ, ਬੇਇਨਸਾਫ਼ੀ ਅਤੇ ਜ਼ੁਲਮ ਉਨ੍ਹਾਂ ਨੂੰ ਜਿਊਣ ਨਹੀਂ ਦਿੰਦੇ। ਉਨ੍ਹਾਂ ਕਿਹਾ ਕਿ ਨਰਿੰਦਰ ਮੋਦੀ ਸਰਕਾਰ ਦੇ ਅਧੀਨ ਸਮਾਜ ਪਤਨ ਵੱਲ ਵਧ ਰਿਹਾ ਹੈ। ਭਾਈਚਾਰਾ ਕਮਜ਼ੋਰ ਹੋ ਰਿਹਾ ਹੈ, ਅਤੇ ਜਾਤ ਅਤੇ ਧਰਮ ਦੇ ਨਾਮ ’ਤੇ ਅਰਾਜਕਤਾ ਫੈਲਾਈ ਜਾ ਰਹੀ ਹੈ। ਭਾਜਪਾ ਦੀ ਮਾਨਸਿਕਤਾ ਦਲਿਤਾਂ ਨੂੰ ਗੁਲਾਮੀ ਵਿੱਚ ਵਾਪਸ ਲਿਆਉਣਾ ਚਾਹੁੰਦੀ ਹੈ। ਇਸੇ ਲਈ ਸੰਵਿਧਾਨ ਨੂੰ ਬਦਲਣ ਦੀਆਂ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਹਨ। ਪਰ ਭਾਜਪਾ-ਆਰ.ਐਸ.ਐਸ. ਦੀ ਇਹ ਸਾਜਿਸ਼ ਸਫਲ ਨਹੀਂ ਹੋਵੇਗੀ। ਉਨ੍ਹਾਂ ਕਿਹਾ ਕਿ ਦੇਸ਼ ਨੂੰ ਬਚਾਉਣ ਲਈ ਦੇਸ਼ ਭਰ ਦੇ ਦਲਿਤ ਭਾਈਚਾਰੇ ਨੂੰ ਇੱਕਜੁੱਟ ਹੋ ਕੇ ਕੇਂਦਰ ਸਰਕਾਰ ਵਿਰੁੱਧ ਸੰਘਰਸ਼ ਦੀ ਤਿਆਰ ਰਹਿਣਾ ਚਾਹੀਦਾ ਹੈ।
Related