ਇਰਾਨ ਦੇ ਸਾਬਕਾ ਸੁਪਰੀਮ ਲੀਡਰ ਆਯਤੁੱਲਾ ਅਲੀ ਖਾਮੇਨੇਈ ਨੂੰ ਅੰਤਿਮ ਵਿਦਾਈ, 100 ਤੋਂ ਵੱਧ ਦੇਸ਼ਾਂ ਦੇ ਪ੍ਰਤੀਨਿਧੀ ਪਹੁੰਚੇ

ਤਹਿਰਾਨ (ਅਰਸ਼ਦੀਪ ਸਿੰਘ ਕਾਲੜਾ)  :- ਇਰਾਨ ਦੇ ਸਾਬਕਾ ਸੁਪਰੀਮ ਲੀਡਰ ਆਯਤੁੱਲਾ ਅਲੀ ਖਾਮੇਨੇਈ ਦੀਆਂ ਅੰਤਿਮ ਵਿਦਾਇਗੀ ਰਸਮਾਂ ਸ਼ੁੱਕਰਵਾਰ ਨੂੰ ਤਹਿਰਾਨ ਵਿੱਚ ਸ਼ੁਰੂ ਹੋ ਗਈਆਂ। ਇਰਾਨੀ ਰਾਸ਼ਟਰਪਤੀ ਮਸੂਦ ਪੇਜ਼ੇਸ਼ਕੀਅਨ ਸਮੇਤ ਦੇਸ਼ ਦੀ ਉੱਚ ਲੀਡਰਸ਼ਿਪ ਨੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਹਾਲਾਂਕਿ, ਖਾਮੇਨੇਈ ਦੇ ਪੁੱਤਰ ਮੋਜਤਬਾ ਖਾਮੇਨੇਈ ਸੁਰੱਖਿਆ ਕਾਰਨਾਂ ਕਰਕੇ ਸਮਾਗਮ ਵਿੱਚ ਸ਼ਾਮਲ ਨਹੀਂ ਹੋਏ।

ਅੰਤਿਮ ਯਾਤਰਾ ਵਿੱਚ 100 ਤੋਂ ਵੱਧ ਦੇਸ਼ਾਂ ਦੇ ਪ੍ਰਤੀਨਿਧੀਆਂ ਨੇ ਹਾਜ਼ਰੀ ਭਰੀ। ਇਸ ਦੌਰਾਨ ਰੂਸ, ਚੀਨ, ਭਾਰਤ ਅਤੇ ਤੁਰਕੀ ਵਰਗੇ ਦੇਸ਼ਾਂ ਦੇ ਚੋਟੀ ਦੇ ਨੇਤਾ ਖੁਦ ਨਹੀਂ ਪਹੁੰਚੇ ਅਤੇ ਉਨ੍ਹਾਂ ਨੇ ਆਪਣੇ ਪ੍ਰਤੀਨਿਧੀ ਭੇਜੇ। ਭਾਰਤ ਵੱਲੋਂ ਵਿਦੇਸ਼ ਰਾਜ ਮੰਤਰੀ ਪਬਿਤਰ ਮਾਰਗੇਰੀਟਾ ਅਤੇ ਬਿਹਾਰ ਦੇ ਰਾਜਪਾਲ ਸਈਦ ਅਤਾ ਹਸਨੈਨ ਨੇ ਦੇਸ਼ ਦੀ ਨੁਮਾਇੰਦਗੀ ਕੀਤੀ।

ਦੂਜੇ ਪਾਸੇ ਪਾਕਿਸਤਾਨ, ਇਰਾਕ, ਅਰਮੀਨੀਆ, ਤਾਜਿਕਸਤਾਨ ਅਤੇ ਜਾਰਜੀਆ ਦੇ ਚੋਟੀ ਦੇ ਨੇਤਾ ਸਮਾਗਮ ਵਿੱਚ ਮੌਜੂਦ ਰਹੇ। ਖਾਮੇਨੇਈ ਦਾ ਤਾਬੂਤ ਤਹਿਰਾਨ ਦੇ ਇਮਾਮ ਖੋਮੇਨੀ ਗ੍ਰੈਂਡ ਮੋਸੱਲਾ ਲਿਆਂਦਾ ਗਿਆ, ਜਿੱਥੇ ਵੱਖ-ਵੱਖ ਦੇਸ਼ਾਂ ਦੇ ਪ੍ਰਤੀਨਿਧੀ ਮੰਡਲਾਂ ਨੇ ਸ਼ਰਧਾਂਜਲੀ ਅਰਪਿਤ ਕੀਤੀ। ਪਰਿਵਾਰਕ ਮੈਂਬਰਾਂ ਨੇ ਵੀ ਭਾਵੁਕ ਮਾਹੌਲ ਵਿੱਚ ਅੰਤਿਮ ਵਿਦਾਈ ਦਿੱਤੀ।

ਅੰਤਿਮ ਯਾਤਰਾ ਨੂੰ ਧਿਆਨ ਵਿੱਚ ਰੱਖਦਿਆਂ ਤਹਿਰਾਨ ਵਿੱਚ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਸ਼ਹਿਰ ਦੀਆਂ ਮੁੱਖ ਸੜਕਾਂ, ਚੌਰਾਹਿਆਂ ਅਤੇ ਸਰਕਾਰੀ ਇਮਾਰਤਾਂ ਦੇ ਬਾਹਰ ਫੌਜ ਅਤੇ ਪੁਲਿਸ ਦੀ ਭਾਰੀ ਤਾਇਨਾਤੀ ਕੀਤੀ ਗਈ ਹੈ, ਜਦਕਿ ਫੌਜੀ ਵਾਹਨ ਲਗਾਤਾਰ ਗਸ਼ਤ ਕਰ ਰਹੇ ਹਨ।

ਸਰਕਾਰ ਨੇ ਅੰਤਿਮ ਯਾਤਰਾ ਵਿੱਚ ਸ਼ਾਮਲ ਹੋਣ ਵਾਲੇ ਲੋਕਾਂ ਲਈ ਮੈਟਰੋ ਅਤੇ ਸਰਕਾਰੀ ਬੱਸ ਸੇਵਾਵਾਂ ਮੁਫ਼ਤ ਕਰ ਦਿੱਤੀਆਂ ਹਨ। ਇਸ ਤੋਂ ਇਲਾਵਾ ਹੋਟਲਾਂ ਵਿੱਚ 50 ਫੀਸਦੀ ਤੱਕ ਛੂਟ ਦਿੱਤੀ ਗਈ ਹੈ ਅਤੇ ਸਕੂਲਾਂ ਤੇ ਮਸਜਿਦਾਂ ਵਿੱਚ ਰਿਹਾਇਸ਼ ਦਾ ਵੀ ਪ੍ਰਬੰਧ ਕੀਤਾ ਗਿਆ ਹੈ। ਹੋਰ ਸ਼ਹਿਰਾਂ ਤੋਂ ਲੋਕਾਂ ਨੂੰ ਲਿਆਉਣ ਲਈ ਵਿਸ਼ੇਸ਼ ਰੇਲਗੱਡੀਆਂ ਵੀ ਚਲਾਈਆਂ ਗਈਆਂ ਹਨ।

ਜਾਣਕਾਰੀ ਮੁਤਾਬਕ ਖਾਮੇਨੇਈ ਦੀ ਅੰਤਿਮ ਯਾਤਰਾ ਤਹਿਰਾਨ ਤੋਂ ਸ਼ੁਰੂ ਹੋ ਕੇ ਕੋਮ, ਇਰਾਕ ਦੇ ਕਰਬਲਾ ਅਤੇ ਨਜਫ ਰਾਹੀਂ ਗੁਜ਼ਰੇਗੀ। ਇਸ ਤੋਂ ਬਾਅਦ 9 ਜੁਲਾਈ ਨੂੰ ਉਨ੍ਹਾਂ ਨੂੰ ਮਸ਼ਹਦ ਵਿੱਚ ਦਫ਼ਨਾਇਆ ਜਾਵੇਗਾ।