ਫਰੀਦਕੋਟ 21 ਅਪੈ੍ਰਲ (ਵਿਪਨ ਮਿੱਤਲ):-ਜਲ ਜੀਵਨ ਬਚਾਓ ਮੋਰਚੇ ਵੱਲੋਂ ਲੋਕਾਂ ਦੀ ਮੁੱਢਲੀ ਲੋੜ ਪੀਣ ਵਾਲਾ ਪਾਣੀ ਸ਼ਹਿਰ ਵਾਸੀਆ ਨੂੰ ਮਹੁੱਈਆ ਕਰਵਾਉਣ ਵਿੱਚ ਅਸਫਲ ਰਹਿਣ ਤੇ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦਾ ਘਿਰਾਉ ਕੀਤਾ ਜਾ ਰਿਹਾ ਹੈ । ਜਾਣਕਾਰੀ ਦਿੰਦਿਆ ੇ ਜਲ ਜੀਵਨ ਬਚਾਓ ਮੋਰਚੇ ਦੇ ਕਨਵੀਨਰ ਸ਼ੰਕਰ ਸ਼ਰਮਾਂ ਨੇ ਦੱਸਿਆ ਕਿ ਫ਼ਰੀਦਕੋਟ ਵਿੱਚ ਵਾਟਰ ਵਰਕਸ ਦੀ ਪਾਣੀ ਦੀ ਸਪਲਾਈ ਦਾ ਬਹੁਤ ਵੱਡਾ ਸੰਕਟ ਪੈਦਾ ਹੋ ਗਿਆ ਹੈ। ਉਹਨਾਂ ਕਿਹਾ ਕਿ ਏਨੀ ਕਿੱਲਤ ਤਾਂ ਓਦੋਂ ਵੀ ਨਹੀਂ ਆਈ ਸੀ ਜਦੋਂ ਨਹਿਰ ਖਾਲੀ ਸੀ। ਹੁਣ ਨਹਿਰ ਦਾ ਪਾਣੀ ਕਾਲਾ ਤੇ ਬਦਬੂਦਾਰ ਆ ਰਿਹਾ ਹੈ ਇਹ ਗੱਲ ਸੰਬੰਧਿਤ ਮਹਿਕਮਾ ਵੀ ਮੰਨਦਾ ਹੈ। ਇਸੇ ਲਈ ਬੋਰ ਦਾ ਪਾਣੀ ਸਪਲਾਈ ਕੀਤਾ ਜਾ ਰਿਹਾ ਹੈ। ਜਦੋਂ ਬੋਰ ਦਾ ਪਾਣੀ ਹੀ ਦੇਣਾ ਹੈ ਤਾਂ ਫਿਰ ਵਾਟਰ ਸਪਲਾਈ ਦੀ ਕਿੱਲਤ ਕਿਸ ਗੱਲ ਦੀ ਹੈ। ਮਹਿਕਮੇ ਵਾਲਿਆਂ ਨਾਲ ਗੱਲਬਾਤ ਕਰਕੇ ਦੇਖ ਲਿਆ। ਸ਼ਹਿਰ ਵਾਸੀਆ ਵੱਲੋਂ ਵਾਟਰ ਸਪਲਾਈ ਮਹਿਕਮੇ ਨੂੰ ਹਰ ਤਰ੍ਹਾਂ ਦਾ ਸਹਿਯੋਗ ਕਰਕੇ ਵੀ ਦੇਖ ਲਿਆ ਪਰ ਪੀਣ ਵਾਲੇ ਪਾਣੀ ਦੀ ਸਪਲਾਈ ਵਿੱਚ ਕੋਈ ਫ਼ਰਕ ਨਹੀਂ ਪਿਆ। ਉਹਨਾਂ ਦੱਸਿਆ ਕਿ ਜਲ ਜੀਵਨ ਬਚਾਓ ਮੋਰਚਾ ਦੀ ਅਗਵਾਈ ਵਿੱਚ ਸ਼ਹਿਰ ਵਾਸੀਆਂ ਵੱਲੋਂ ਹੁਣ ਪੀਣ ਵਾਲੇ ਪਾਣੀ ਦੀ ਸਪਲਾਈ ਨਿਰਵਿਘਨ ਚਲਾਉਣ ਲਈ ਮਹਿਕਮੇ ਦੇ ਮੁਲਾਜਮਾਂ ਤੇ ਅਫਸਰਾਂ ਦਾ ਘਿਰਾਓ ਕੀਤਾ ਜਾਵੇਗਾ। ਸ਼ੰਕਰ ਸ਼ਰਮਾਂ ਨੇ ਕਿਹਾ ਕਿ ਪਿਛਲੇ ਸਮੇਂ ਦੌਰਾਨ ਕਰੋੜਾਂ ਰੁਪਏ ਦਾ ਬਜਟ ਵੀ ਸ਼ਹਿਰ ਵਾਸੀਆ ਨੂੰ ਪਾਣੀ ਦੀ ਸਪਲਾਈ ਵਿੱਚ ਸਹਾਈ ਨਹੀਂ ਹੋ ਸਕਿਆ। ਉਹਨਾਂ ਕਿਹਾ ਕਿ ਭਾਖੜਾ ਨਹਿਰ ਦਾ ਪ੍ਰੋਜੈਕਟ ਪਤਾ ਨਹੀਂ ਕਿਹੜੇ ਸ਼ਹਿਰ ਵਾਸੀਆ ਨੂੰ ਸਾਫ ਪਾਣੀ ਮਹੁੱਈਆ ਕਰਵਾ ਰਿਹਾ ਹੈ । ਉਹਨਾਂ ਸ਼ਹਿਰ ਵਾਸੀਆ ਨੂੰ ਪੀਣ ਯੋਗ ਪਾਣੀ ਦੀ ਸਪਲਾਈ ਲਈ ਕੀਤੇ ਜਾ ਰਹੇ ਸੰਘਰਸ਼ ਵਿੱਚ 22 ਅਪ੍ਰੈਲ ਮੰਗਲਵਾਰ ਨੂੰ 3.30 ਵਜੇ ਜਲ ਸਪਲਾਈ ਦਫਤਰ ਨੇੜੇ ਕੋਤਵਾਲੀ ਪਹੁੰਚਣ ਦੀ ਅਪੀਲ ਕੀਤੀ ।