ਜਲੰਧਰ ਤੋਂ PM ਮੋਦੀ ਦੇਣਗੇ ਪੰਜਾਬ ਨੂੰ 5,470 ਕਰੋੜ ਦੇ ਪ੍ਰੋਜੈਕਟਾਂ ਦੀ ਸੌਗਾਤ, 75 ਅੰਮ੍ਰਿਤ ਭਾਰਤ ਸਟੇਸ਼ਨਾਂ ਦਾ ਕਰਨਗੇ ਉਦਘਾਟਨ

ਨਵੀਂ ਦਿੱਲੀ/ਜਲੰਧਰ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਹਰਿਆਣਾ, ਚੰਡੀਗੜ੍ਹ ਅਤੇ ਪੰਜਾਬ ਦੇ ਅਹਿਮ ਦੌਰੇ ‘ਤੇ ਰਹਿਣਗੇ। ਆਪਣੇ ਪੰਜਾਬ ਦੌਰੇ ਦੌਰਾਨ ਉਹ ਜਲੰਧਰ ਤੋਂ ਸੂਬੇ ਨੂੰ 5,470 ਕਰੋੜ ਰੁਪਏ ਤੋਂ ਵੱਧ ਦੇ ਰੇਲ ਅਤੇ ਸੜਕੀ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਦੀ ਵੱਡੀ ਸੌਗਾਤ ਦੇਣਗੇ। ਇਨ੍ਹਾਂ ਪ੍ਰੋਜੈਕਟਾਂ ਦਾ ਉਦੇਸ਼ ਖੇਤਰ ਵਿੱਚ ਆਵਾਜਾਈ ਨੂੰ ਹੋਰ ਸੁਗਮ ਬਣਾਉਣਾ, ਯਾਤਰੀਆਂ ਨੂੰ ਆਧੁਨਿਕ ਸਹੂਲਤਾਂ ਪ੍ਰਦਾਨ ਕਰਨਾ ਅਤੇ ਆਰਥਿਕ ਵਿਕਾਸ ਨੂੰ ਨਵੀਂ ਰਫ਼ਤਾਰ ਦੇਣਾ ਹੈ।

ਪ੍ਰਧਾਨ ਮੰਤਰੀ ਮੋਦੀ ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ ਦੇਸ਼ ਭਰ ਦੇ 75 ਮੁੜ ਵਿਕਸਤ ਰੇਲਵੇ ਸਟੇਸ਼ਨਾਂ ਦਾ ਉਦਘਾਟਨ ਕਰਨਗੇ। ਇਨ੍ਹਾਂ ਵਿੱਚ ਪੰਜਾਬ ਦਾ ਜਲੰਧਰ ਛਾਉਣੀ ਰੇਲਵੇ ਸਟੇਸ਼ਨ ਵੀ ਸ਼ਾਮਲ ਹੈ। ਕਰੀਬ 1,570 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤੇ ਗਏ ਇਹ ਸਟੇਸ਼ਨ ਆਧੁਨਿਕ ਸਹੂਲਤਾਂ ਨਾਲ ਲੈਸ ਹਨ, ਜਿੱਥੇ ਯਾਤਰੀਆਂ ਲਈ ਬਿਹਤਰ ਇੰਤਜ਼ਾਮ, ਸੁੰਦਰ ਇਮਾਰਤਾਂ ਅਤੇ ਵਿਸ਼ਵ ਪੱਧਰੀ ਸਹੂਲਤਾਂ ਉਪਲਬਧ ਕਰਵਾਈਆਂ ਗਈਆਂ ਹਨ।

ਇਨ੍ਹਾਂ ਸਟੇਸ਼ਨਾਂ ਦੀ ਖ਼ਾਸ ਗੱਲ ਇਹ ਹੈ ਕਿ ਇਨ੍ਹਾਂ ਦੇ ਡਿਜ਼ਾਈਨ ਵਿੱਚ ਸਥਾਨਕ ਸਭਿਆਚਾਰ, ਵਿਰਾਸਤ ਅਤੇ ਆਰਕੀਟੈਕਚਰ ਦੀ ਝਲਕ ਵੀ ਦੇਖਣ ਨੂੰ ਮਿਲੇਗੀ, ਜਿਸ ਨਾਲ ਹਰ ਸਟੇਸ਼ਨ ਆਪਣੀ ਵੱਖਰੀ ਪਛਾਣ ਬਣਾਏਗਾ।

ਇਸ ਮੌਕੇ ‘ਤੇ ਪ੍ਰਧਾਨ ਮੰਤਰੀ ਅੰਮ੍ਰਿਤਸਰ (ਛੇਹਰਟਾ)-ਵਾਰਾਨਸੀ ਰੇਲ ਸੇਵਾ ਨੂੰ ਵੀ ਜਲੰਧਰ ਤੋਂ ਹਰੀ ਝੰਡੀ ਦਿਖਾਉਣਗੇ। ਇਸ ਨਵੀਂ ਰੇਲ ਸੇਵਾ ਨਾਲ ਸ੍ਰੀ ਹਰਿਮੰਦਰ ਸਾਹਿਬ ਦੀ ਨਗਰੀ ਅੰਮ੍ਰਿਤਸਰ ਅਤੇ ਕਾਸ਼ੀ ਵਿਸ਼ਵਨਾਥ ਧਾਮ ਵਾਰਾਨਸੀ ਵਿਚਕਾਰ ਸਿੱਧਾ ਰੇਲ ਸੰਪਰਕ ਸਥਾਪਤ ਹੋਵੇਗਾ, ਜਿਸ ਨਾਲ ਧਾਰਮਿਕ ਯਾਤਰੀਆਂ ਅਤੇ ਆਮ ਮੁਸਾਫ਼ਰਾਂ ਨੂੰ ਵੱਡੀ ਸਹੂਲਤ ਮਿਲੇਗੀ।

ਪ੍ਰਧਾਨ ਮੰਤਰੀ ਦੇ ਇਸ ਦੌਰੇ ਨੂੰ ਪੰਜਾਬ ਲਈ ਬੁਨਿਆਦੀ ਢਾਂਚੇ ਦੇ ਵਿਕਾਸ ਦੇ ਹਿਸਾਬ ਨਾਲ ਅਹਿਮ ਮੰਨਿਆ ਜਾ ਰਿਹਾ ਹੈ। ਸਰਕਾਰ ਦਾ ਕਹਿਣਾ ਹੈ ਕਿ ਇਨ੍ਹਾਂ ਪ੍ਰੋਜੈਕਟਾਂ ਨਾਲ ਨਾ ਸਿਰਫ਼ ਆਵਾਜਾਈ ਸੁਵਿਧਾਵਾਂ ਵਿੱਚ ਸੁਧਾਰ ਹੋਵੇਗਾ, ਸਗੋਂ ਵਪਾਰ, ਸੈਰ-ਸਪਾਟੇ ਅਤੇ ਰੁਜ਼ਗਾਰ ਦੇ ਨਵੇਂ ਮੌਕੇ ਵੀ ਪੈਦਾ ਹੋਣਗੇ।