ਫੁੱਲਾਂਵਾਲ- ਬੀਤੀ ਦੇਰ ਰਾਤ ਧਾਂਦਰਾ ਰੋਡ ਉੱਪਰ ਦੁੱਗਰੀ ਥਾਣੇ ਤੋਂ ਮਹਿਜ਼ 300 ਮੀਟਰ ਤੋਂ ਵੀ ਘੱਟ ਦੂਰੀ ‘ਤੇ ਚੋਰਾਂ ਨੇ ਬੇਖ਼ੌਫ ਹੋ ਕੇ ਵੀਲਸ ਮਾਰਟ ਨਾਂਅ ਦੇ ਐਮ. ਆਰ. ਐਫ. ਟਾਇਰਾਂ ਦੇ ਸ਼ੋਅ-ਰੂਮ ਤੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਚੋਰ ਇੰਨੇ ਸ਼ਾਤਰ ਦਿਮਾਗ਼ ਸਨ ਕਿ ਵਾਰਦਾਤ ਨੂੰ ਅੰਜਾਮ ਦੇਣ ਤੋਂ ਪਹਿਲਾਂ ਉਨ੍ਹਾਂ ਦੁਕਾਨ ਦੇ ਬਾਹਰ ਲੱਗੇ ਸੀ.ਸੀ.ਟੀਵੀ. ਕੈਮਰੇ ਦਾ ਮੂੰਹ ਦੂਜੇ ਪਾਸੇ ਘੁਮਾਉਣ ਤੋਂ ਬਾਅਦ ਚੋਰੀ ਕਰਨ ਲਈ ਲਿਆਂਦੇ ਕਿਸੇ ਵਹੀਕਲ ਦੀ ਮਦਦ ਨਾਲ ਟੋਚਨ ਪਾ ਕੇ ਸ਼ਟਰ ਉਖਾੜ ਕੇ ਚੋਰੀ ਕੀਤੀ ਅਤੇ ਜਾਦੇ ਹੋਏ ਡੀ. ਵੀ. ਆਰ ਵੀ ਨਾਲ ਲੈ ਗਏ। ਦੁਕਾਨ ਦੇ ਮਾਲਕ ਸ਼ਸ਼ੀ ਸਕਸੈਨਾ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਸਵੇਰੇ 5.30 ਦੇ ਕਰੀਬ ਕਿਸੇ ਰਾਹਗੀਰ ਨੇ ਦੁਕਾਨ ਦੇ ਬੋਰਡ ਤੋਂ ਉਨ੍ਹਾਂ ਦਾ ਫ਼ੋਨ ਨੰਬਰ ਲੈ ਕੇ ਦੁਕਾਨ ਦੇ ਸ਼ਟਰ ਪੁੱਟੇ ਹੋਣ ਦੀ ਜਾਣਕਾਰੀ ਦਿੱਤੀ। ਉਨ੍ਹਾਂ ਤੁਰੰਤ ਦੁਕਾਨ ਤੇ ਪਹੁੰਚ ਕੇ ਦੇਖਿਆ ਤਾਂ ਚੋਰ ਦੁਕਾਨ ਦਾ ਸ਼ਟਰ ਪੁੱਟ ਕੇ 15 ਤੋਂ 16 ਲੱਖ ਦੀ ਕੀਮਤ ਦੇ ਟਾਇਰ ਅਤੇ ਗੱਲੇ ‘ਚ ਪਿਆ 10 ਹਜਾਰ ਤੋਂ ਵੱਧ ਦਾ ਕੈਸ਼ ਚੋਰੀ ਕਰ ਕੇ ਲੈ ਗਏ ਸਨ। ਚੋਰ ਟਾਇਰਾਂ ਦੇ ਕੰਮ ਬਾਰੇ ਜਾਣਕਾਰੀ ਰੱਖਦੇ ਹਨ, ਇਸ ਲਈ ਉਨ੍ਹਾਂ ਨੇ ਸਿਰਫ਼ ਮਹਿੰਗੇ ਕਮਰਸ਼ੀਅਲ ਟਾਇਰ ਹੀ ਚੋਰੀ ਕੀਤੇ। ਉਨ੍ਹਾਂ ਇਸ ਦੀ ਇਤਲਾਹ ਪੁਲਿਸ ਕੰਟਰੋਲ ਰੂਮ ਤੇ ਦਿੱਤੀ ਜੋ 1 ਘੰਟੇ ਦੀ ਦੇਰੀ ਤੋਂ ਬਾਅਦ ਘਟਨਾ ਸਥਲ ਤੇ ਪਹੁੰਚੀ। ਮੌਕੇ ‘ਤੇ ਪਹੁੰਚੇ 39 ਨੰਬਰ ਮੋਟਰਸਾਈਕਲ ਦਸਤੇ ਦੇ ਕਰਮਚਾਰੀ ਅਤੇ ਥਾਣਾ ਦੁੱਗਰੀ ਤੋਂ ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਸੁਰਿੰਦਰ ਸਿੰਘ ਨੇ ਘਟਨਾ ਸਥਲ ਦਾ ਮੁਆਇਨਾ ਕਰਨ ਤੋਂ ਬਾਅਦ ਦੱਸਿਆ ਕਿ 4 ਤੋਂ 5 ਵਿਅਕਤੀ ਹੀ ਇਸ ਘਟਨਾ ਨੂੰ ਅੰਜਾਮ ਦੇ ਸਕਦੇ। ਉਹ ਤਫ਼ਤੀਸ਼ ਕਰਕੇ ਇਸ ਦਾ ਸੁਰਾਗ ਲਗਾਉਣ ਦੀ ਪੂਰੀ ਕੋਸ਼ਿਸ਼ ਕਰਨਗੇ।