
Skip to content

ਜਲੰਧਰ (ਅਰਸ਼ਦੀਪ ਸਿੰਘ ਕਾਲੜਾ) : ਵਿਸ਼ਵ ਫੋਟੋਗ੍ਰਾਫੀ ਦਿਵਸ ਦੇ ਮੌਕੇ ’ਤੇ ਜਲੰਧਰ ਫੋਟੋਗ੍ਰਾਫਰਜ਼ ਕਲੱਬ ਵੱਲੋਂ ਬਸੰਤ ਹੋਟਲ ਵਿਖੇ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ ਗਿਆ। ਸਮਾਗਮ ਦੀ ਦੇਖ-ਰੇਖ ਕਲੱਬ ਦੇ ਪ੍ਰਧਾਨ ਸੁਖਵਿੰਦਰ ਸਿੰਘ ਨੰਦਰਾ, ਜਨਰਲ ਸਕੱਤਰ ਅਸ਼ੋਕ ਨਾਗਪਾਲ, ਫਾਊਂਡਰ ਬ੍ਰਿਜ ਅਰੋੜਾ, ਅਰਵਿੰਦਰ ਸਿੰਘ ਚਾਵਲਾ, ਕਮਲਜੀਤ ਸਿੰਘ ਭਾਟੀਆ ਅਤੇ ਸੰਦੀਪ ਤਨੇਜਾ ਵੱਲੋਂ ਕੀਤੀ ਗਈ।
ਸਮਾਗਮ ਵਿੱਚ ਜਲੰਧਰ ਦੇ ਮੇਅਰ ਵਿਨੀਤ ਧੀਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਕਲੱਬ ਦੇ ਕੈਸ਼ੀਅਰ ਪਵਨ ਕੁਮਾਰ ਅਤੇ ਪੀ.ਆਰ.ਓ. ਅਮਨ ਕੁਮਾਰ ਵੱਲੋਂ ਫੁੱਲਾਂ ਦੀ ਮਾਲਾ ਪਹਿਨਾ ਕੇ ਉਨ੍ਹਾਂ ਦਾ ਸਵਾਗਤ ਕੀਤਾ ਗਿਆ। ਇਸ ਮੌਕੇ ਮੇਅਰ ਵਿਨੀਤ ਧੀਰ ਨੇ ਸਮੂਹ ਫੋਟੋਗ੍ਰਾਫਰਾਂ ਨੂੰ ਵਿਸ਼ਵ ਫੋਟੋਗ੍ਰਾਫੀ ਦਿਵਸ ਦੀ ਵਧਾਈ ਦਿੰਦਿਆਂ ਜਲੰਧਰ ਫੋਟੋਗ੍ਰਾਫਰਜ਼ ਕਲੱਬ ਵੱਲੋਂ ਕੀਤੇ ਜਾ ਰਹੇ ਸਮਾਜਿਕ ਅਤੇ ਸਾਂਝੇ ਕਾਰਜਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਕਲੱਬ ਨੂੰ ਕਿਸੇ ਵੀ ਕੰਮ ਲਈ ਉਨ੍ਹਾਂ ਦੀ ਮਦਦ ਦੀ ਲੋੜ ਪਈ ਤਾਂ ਉਹ ਹਰ ਸਮੇਂ ਉਨ੍ਹਾਂ ਦੇ ਨਾਲ ਖੜ੍ਹੇ ਹਨ।
ਵਿਸ਼ੇਸ਼ ਮਹਿਮਾਨ ਵਜੋਂ ਕਰਮਵੀਰ ਸੰਧੂ ਨੇ ਸ਼ਿਰਕਤ ਕੀਤੀ। ਉਨ੍ਹਾਂ ਨੇ ਫੋਟੋਗ੍ਰਾਫਰਾਂ ਨੂੰ ਫੋਟੋਗ੍ਰਾਫੀ ਦੇ ਖੇਤਰ ਵਿੱਚ ਆ ਰਹੀਆਂ ਨਵੀਆਂ ਤਕਨੀਕਾਂ ਅਤੇ ਬਦਲਾਅ ਬਾਰੇ ਜਾਣਕਾਰੀ ਦਿੱਤੀ। ਸਮਾਗਮ ਦੌਰਾਨ ਸੁਰਿੰਦਰ ਸਿੰਘ ਨੇ ਗੀਤ ਪੇਸ਼ ਕਰਕੇ ਮਾਹੌਲ ਨੂੰ ਸੰਗੀਤਮਈ ਬਣਾ ਦਿੱਤਾ ਅਤੇ ਹਾਜ਼ਰੀਨ ਨੂੰ ਝੂਮਣ ਲਈ ਮਜਬੂਰ ਕਰ ਦਿੱਤਾ।
ਇਸ ਮੌਕੇ ਸ਼ਿਵ ਸ਼ਕਤੀ ਫੋਟੋ ਗੁਡਜ਼ ਵੱਲੋਂ ਲੱਕੀ ਡਰਾਅ ਵੀ ਕੱਢਿਆ ਗਿਆ। ਕਲੱਬ ਦੇ ਪ੍ਰਧਾਨ ਸੁਖਵਿੰਦਰ ਸਿੰਘ ਨੰਦਰਾ ਨੇ ਵਿਸ਼ਵ ਫੋਟੋਗ੍ਰਾਫੀ ਦਿਵਸ ਦੀ ਮਹੱਤਤਾ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਸਮੂਹ ਫੋਟੋਗ੍ਰਾਫਰ ਮੈਂਬਰਾਂ ਦਾ ਸਵਾਗਤ ਕੀਤਾ। ਮੰਚ ਸੰਚਾਲਨ ਬਲਵੀਰ ਸਿੰਘ ਡੱਡਾ ਨੇ ਕੀਤਾ ਅਤੇ ਕਲੱਬ ਵੱਲੋਂ ਕੀਤੇ ਜਾ ਰਹੇ ਕਾਰਜਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ।
ਪ੍ਰਧਾਨ ਸੁਖਵਿੰਦਰ ਨੰਦਰਾ ਨੇ ਦੱਸਿਆ ਕਿ ਕਲੱਬ ਵੱਲੋਂ ਜਲਦ ਹੀ ਸਾਲਾਨਾ ਸਮਾਗਮ ਦੌਰਾਨ ਡਾਇਰੀ ਰਿਲੀਜ਼ ਕਰਨ ਦਾ ਪ੍ਰੋਗਰਾਮ ਵੀ ਕਰਵਾਇਆ ਜਾਵੇਗਾ। ਵਿਸ਼ਵ ਫੋਟੋਗ੍ਰਾਫੀ ਦਿਵਸ ਦੀ ਖੁਸ਼ੀ ਵਿੱਚ ਕਲੱਬ ਮੈਂਬਰਾਂ ਵੱਲੋਂ ਕੇਕ ਕੱਟਿਆ ਗਿਆ। ਇਸ ਦੌਰਾਨ ਮੁੱਖ ਮਹਿਮਾਨ ਵਿਨੀਤ ਧੀਰ ਅਤੇ ਵਿਸ਼ੇਸ਼ ਮਹਿਮਾਨ ਕਰਮਵੀਰ ਸੰਧੂ ਨੂੰ ਕਲੱਬ ਵੱਲੋਂ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।
ਸਮਾਗਮ ਵਿੱਚ ਸੁਲਤਾਨਪੁਰ ਲੋਧੀ ਫੋਟੋਗ੍ਰਾਫਰਜ਼ ਕਲੱਬ ਦੇ ਮੈਂਬਰਾਂ ਸਮੇਤ ਜਲੰਧਰ ਅਤੇ ਆਸ-ਪਾਸ ਦੇ ਇਲਾਕਿਆਂ ਤੋਂ ਵੱਡੀ ਗਿਣਤੀ ਵਿੱਚ ਫੋਟੋਗ੍ਰਾਫਰਾਂ ਨੇ ਸ਼ਮੂਲੀਅਤ ਕੀਤੀ। ਪ੍ਰੋਗਰਾਮ ਨੂੰ ਸਫਲ ਬਣਾਉਣ ਵਿੱਚ ਗਿਆਨ ਵਰਮਾ, ਜਗਦੀਸ਼, ਗੁਰੂ ਸ਼ਰਨਜੀਤ ਸਿੰਘ ਰਾਜ, ਹਰਿੰਦਰ ਸ਼ਰਮਾ, ਰਾਹੁਲ ਅਰੋੜਾ, ਸੁਰਿੰਦਰ ਸਿੰਘ ਸੰਧੂ, ਪ੍ਰਵੀਨ ਮਹਾਜਨ, ਸੁਰਜੀਤ ਸਿੰਘ, ਮਨਜੀਤ ਸਿੰਘ, ਅਨੂਪ ਤਨੇਜਾ, ਸੰਜੀਵ ਸਚਦੇਵਾ, ਪਵਨ ਕੁਮਾਰ, ਜਸਪਾਲ, ਮਹਿੰਦਰ ਪਾਲ, ਵਿਜੈ ਭਾਟੀਆ, ਕੀਮਤ ਸਿੰਘ, ਰਮਨ ਮਦਾਨ, ਵਿਮਲਜੀਤ ਸਮੇਤ ਹੋਰ ਮੈਂਬਰਾਂ ਨੇ ਅਹਿਮ ਸਹਿਯੋਗ ਦਿੱਤਾ।

Related