ਜਲੰਧਰ : ਥਾਣਾ ਨੰਬਰ ਦੋ ਦੀ ਹੱਦ ‘ਚ ਪੈਂਦੇ ਦੀਨ ਦਿਆਲ ਉਪਾਧਿਆਏ ਨਗਰ ‘ਚ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਪੈਦਲ ਜਾ ਰਹੀ ਇਕ ਲੜਕੀ ਕੋਲੋਂ ਮੋਟਰਸਾਈਕਲ ਸਵਾਰ ਦੋ ਲੁਟੇਰਿਆਂ ਨੇ ਮੋਬਾਇਲ ਖੋਹਣ ਦੀ ਕੋਸ਼ਿਸ਼ ਕੀਤੀ। ਇਸ ਵਾਰਦਾਤ ਦੌਰਾਨ ਜਦੋਂ ਲੜਕੀ ਨੇ ਮੋਬਾਇਲ ਨਾ ਛੱਡਿਆ ਤਾਂ ਲੁਟੇਰਿਆਂ ਨੇ ਤੇਜ਼ਧਾਰ ਹਥਿਆਰ ਨਾਲ ਉਸ ਦਾ ਗੁੱਟ ਹੀ ਵੱਢ ਦਿੱਤਾ, ਜਿਸ ਨਾਲ ਲੜਕੀ ਗੰਭੀਰ ਰੂਪ ‘ਚ ਜ਼ਖ਼ਮੀ ਹੋ ਗਈ ਤੇ ਲੁਟੇਰੇ ਮੋਬਾਇਲ ਲੈ ਕੇ ਫ਼ਰਾਰ ਹੋ ਗਏ।

    ਪੁਲਸ ਵੱਲੋਂ ਮੌਕੇ ‘ਤੇ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਦੇ ਆਧਾਰ ‘ਤੇ ਇਕ ਲੁਟੇਰੇ ਨੂੰ ਕਾਬੂ ਕਰ ਕੇ ਮੋਬਾਇਲ ਬਰਾਮਦ ਕਰ ਲਿਆ ਹੈ, ਜਦਕਿ ਦੂਜੇ ਦੀ ਭਾਲ ਕੀਤੀ ਜਾ ਰਹੀ ਹੈ। ਜਾਣਕਾਰੀ ਮੁਤਾਬਕ ਕੁਸਮ ਵਾਸੀ ਫ਼ਤਹਿਪੁਰ ਮੁਹੱਲਾ ਕਿਸੇ ਕੰਮ ਲਈ ਦੀਨ ਦਿਆਲ ਉਪਾਧਿਆਏ ਨਗਰ ‘ਚ ਪੈਦਲ ਜਾ ਰਹੀ ਸੀ ਕਿ ਪਿੱਛੋਂ ਦੀ ਆਏ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੇ ਉਸ ਦੇ ਹੱਥ ‘ਚ ਫੜਿਆ ਮੋਬਾਈਲ ਖੋਹਣ ਦੀ ਕੋਸ਼ਿਸ਼ ਕੀਤੀ ਤਾਂ ਕੁਸਮ ਨੇ ਮੋਬਾਇਲ ਨਹੀਂ ਛੱਡਿਆ।

    ਜਿਸ ਤੋਂ ਬਾਅਦ ਉਨ੍ਹਾਂ ਨੌਜਵਾਨਾਂ ਨੇ ਕਿਸੇ ਤੇਜ਼ਧਾਰ ਹਥਿਆਰ ਨਾਲ ਕੁਸਮ ਦਾ ਗੁੱਟ ਹੀ ਵੱਢ ਦਿੱਤਾ ਤੇ ਉਸ ਦਾ ਮੋਬਾਇਲ ਖੋਹ ਕੇ ਫਰਾਰ ਹੋ ਗਏ। ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਨੰਬਰ ਦੋ ਦੇ ਮੁਖੀ ਜਤਿੰਦਰ ਸਿੰਘ ਪੁਲਸ ਪਾਰਟੀ ਨਾਲ ਮੌਕੇ ‘ਤੇ ਪਹੁੰਚੇ ਅਤੇ ਨੇੜੇ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਚੈੱਕ ਕੀਤੀ।

    ਵਾਰਦਾਤ ਕੈਮਰੇ ‘ਚ ਕੈਦ ਮਿਲ ਗਈ ਜਿਸ ਦੇ ਆਧਾਰ ‘ਤੇ ਪੁਲਸ ਨੇ ਅਵਿਨਾਸ਼ ਵਾਸੀ ਬੇਗਮਪੁਰਾ ਮੁਹੱਲਾ ਨੂੰ ਗ੍ਰਿਫ਼ਤਾਰ ਕਰ ਲਿਆ ਤੇ ਲੜਕੀ ਕੋਲੋਂ ਖੋਹਿਆ ਹੋਇਆ ਮੋਬਾਇਲ ਵੀ ਬਰਾਮਦ ਕਰ ਲਿਆ। ਥਾਣਾ ਮੁਖੀ ਜਤਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਅਵਿਨਾਸ਼ ਕੋਲੋਂ ਉਸ ਦੇ ਸਾਥੀ ਬਾਰੇ ਸਖ਼ਤੀ ਨਾਲ ਪੁੱਛ-ਗਿੱਛ ਕਰ ਰਹੀ ਹੈ ਅਤੇ ਉਸ ਦੀ ਤਲਾਸ਼ ਵਿਚ ਲਗਾਤਾਰ ਛਾਪੇਮਾਰੀ ਹੋ ਰਹੀ ਹੈ। ਉਨ੍ਹਾਂ ਦੱਸਿਆ ਕਿ ਲੜਕੀ ਦਾ ਨਿੱਜੀ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।