ਜਲੰਧਰ(ਵਿੱਕੀ ਸੂਰੀ)-: ਡੀਸੀ ਦਫਤਰ ਕਰਮਚਾਰੀ ਯੂਨੀਅਨ ਦੇ ਮੈਂਬਰਾਂ ਨੇ ਸ਼ੁੱਕਰਵਾਰ ਨੂੰ ਪੂਰਾ ਦਿਨ ਹੜਤਾਲ ਕਰਨ ਦਾ ਫੈਸਲਾ ਕੀਤਾ ਹੈ। ਦਰਅਸਲ 28 ਅਤੇ 29 ਸਤੰਬਰ ਨੂੰ ਡੀਸੀ ਦਫ਼ਤਰ ਦੇ ਮੁਲਾਜ਼ਮਾਂ ਨੇ ਗ੍ਰੇਡ ਅਨੁਸਾਰ ਤਰੱਕੀਆਂ ਦੇਣ, ਮਹਿੰਗਾਈ ਭੱਤਾ ਜਾਰੀ ਕਰਨ ਅਤੇ ਮੁਲਾਜ਼ਮਾਂ ਨੂੰ ਮੁੱਢਲੀਆਂ ਸਹੂਲਤਾਂ ਦੇਣ ਦੀ ਮੰਗ ਨੂੰ ਲੈ ਕੇ ਸਵੇਰੇ 9 ਵਜੇ ਤੋਂ ਦੁਪਹਿਰ 12 ਵਜੇ ਤੱਕ ਕੰਮਕਾਜ ਬੰਦ ਰੱਖ ਕੇ ਰੋਸ ਪ੍ਰਦਰਸ਼ਨ ਕੀਤਾ ਸੀ।ਇਸ ਤੋਂ ਬਾਅਦ ਵੀ ਜਦੋਂ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ 30 ਸਤੰਬਰ ਨੂੰ ਕਲਮ ਛੋੜ ਹੜਤਾਲ ਕਰਨ ਦਾ ਫੈਸਲਾ ਕੀਤਾ ਗਿਆ, ਜਿਸ ਤਹਿਤ ਸ਼ੁੱਕਰਵਾਰ ਨੂੰ ਪੂਰਾ ਦਿਨ ਡੀਸੀ ਦਫ਼ਤਰ ਦਾ ਕੰਮਕਾਜ ਬੰਦ ਕੀਤਾ ਗਿਆ ਹੈ। ਅਜਿਹੇ ‘ਚ ਹੁਣ ਸਰਕਾਰੀ ਦਫਤਰਾਂ ‘ਚ ਕੰਮ ਸੋਮਵਾਰ ਨੂੰ ਹੀ ਹੋਵੇਗਾ ਕਿਉਂਕਿ ਸ਼ਨੀਵਾਰ ਅਤੇ ਐਤਵਾਰ ਨੂੰ ਸਰਕਾਰੀ ਛੁੱਟੀ ਹੋਣ ਕਾਰਨ ਦਫਤਰ ਬੰਦ ਰਹਿਣਗੇ। ਇਸੇ ਲੜੀ ਤਹਿਤ ਮੁਲਾਜ਼ਮ ਯੂਨੀਅਨ ਦੇ ਮੈਂਬਰ ਦਫ਼ਤਰ ਆ ਜਾਣਗੇ ਪਰ ਕਲਮ ਛੋੜ ਹੜਤਾਲ ਕਰਕੇ ਕਿਸੇ ਵੀ ਤਰ੍ਹਾਂ ਦਾ ਕੰਮ ਨਹੀਂ ਕਰਨਗੇ। ਇਸ ਸਬੰਧੀ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਪਵਨ ਕੁਮਾਰ ਵਰਮਾ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਵੱਲੋਂ ਕੰਪਿਊਟਰ ਪ੍ਰਿੰਟਰ, ਫਰਨੀਚਰ ਅਤੇ ਸਾਫ਼ ਬਾਥਰੂਮ ਦੀ ਜਾਇਜ਼ ਮੰਗ ਨੂੰ ਅਣਗੌਲਿਆ ਕੀਤਾ ਜਾ ਰਿਹਾ ਹੈ। ਦੂਜੇ ਪਾਸੇ ਸਰਕਾਰ ਵੱਲੋਂ ਗ੍ਰੇਡ ਅਨੁਸਾਰ ਤਰੱਕੀ ਦੀ ਮੰਗ ਵੀ ਪੂਰੀ ਨਹੀਂ ਕੀਤੀ ਗਈ। ਜਿਸ ਕਾਰਨ ਮੁਲਾਜ਼ਮ ਵਰਗ ਵਿੱਚ ਰੋਸ ਵਧਦਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਨੂੰ ਜਲਦੀ ਪੂਰਾ ਨਾ ਕੀਤਾ ਗਿਆ ਤਾਂ ਆਉਣ ਵਾਲੇ ਦਿਨਾਂ ਵਿੱਚ ਵੀ ਸੰਘਰਸ਼ ਦਾ ਦੌਰ ਜਾਰੀ ਰਹੇਗਾ।