
Skip to content

ਜਲੰਧਰ ‘ਚ ਪੁਲਿਸ ਤੇ ਸ਼ੂਟਰ ਵਿਚਾਲੇ ਐਨਕਾਊਂਟਰ, ਗੋਲੀ ਲੱਗਣ ਤੋਂ ਬਾਅਦ ਲਬੂ ਕਾਬੂ
ਜਲੰਧਰ (ਅਰਸ਼ਦੀਪ ਸਿੰਘ ਕਾਲੜਾ) :- ਜਲੰਧਰ ਦੇ 66 ਫੁੱਟ ਰੋਡ ਸਥਿਤ ਸੀ.ਟੀ. ਇੰਸਟੀਚਿਊਟ ਨੇੜੇ ਵੀਰਵਾਰ ਨੂੰ ਸੀ.ਆਈ.ਏ. ਸਟਾਫ ਅਤੇ ਇੱਕ ਸ਼ੂਟਰ ਵਿਚਾਲੇ ਮੁਕਾਬਲਾ ਹੋਇਆ। ਪੁਲਿਸ ਦੀ ਜਵਾਬੀ ਗੋਲੀਬਾਰੀ ਦੌਰਾਨ ਸ਼ੂਟਰ ਲਬੂ ਦੇ ਪੈਰ ਵਿੱਚ ਗੋਲੀ ਲੱਗੀ, ਜਿਸ ਤੋਂ ਬਾਅਦ ਉਸ ਨੂੰ ਜ਼ਖ਼ਮੀ ਹਾਲਤ ਵਿੱਚ ਗ੍ਰਿਫ਼ਤਾਰ ਕਰ ਲਿਆ ਗਿਆ।
ਮਿਲੀ ਜਾਣਕਾਰੀ ਅਨੁਸਾਰ ਸੀ.ਆਈ.ਏ. ਸਟਾਫ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਮੁਲਜ਼ਮ ਲਬੂ ਇਸ ਇਲਾਕੇ ਵਿੱਚ ਮੌਜੂਦ ਹੈ। ਸੂਚਨਾ ਦੇ ਆਧਾਰ ‘ਤੇ ਪੁਲਿਸ ਟੀਮ ਨੇ ਇਲਾਕੇ ਦੀ ਘੇਰਾਬੰਦੀ ਕਰਕੇ ਉਸ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ।
ਦੋਸ਼ ਹੈ ਕਿ ਇਸ ਦੌਰਾਨ ਲਬੂ ਨੇ ਪੁਲਿਸ ਪਾਰਟੀ ‘ਤੇ ਗੋਲੀਆਂ ਚਲਾ ਦਿੱਤੀਆਂ। ਇਸ ਦੇ ਜਵਾਬ ਵਿੱਚ ਪੁਲਿਸ ਨੇ ਵੀ ਫਾਇਰਿੰਗ ਕੀਤੀ, ਜਿਸ ਦੌਰਾਨ ਲਬੂ ਦੇ ਪੈਰ ਵਿੱਚ ਗੋਲੀ ਲੱਗ ਗਈ। ਜ਼ਖ਼ਮੀ ਹੋਣ ਤੋਂ ਬਾਅਦ ਪੁਲਿਸ ਨੇ ਉਸ ਨੂੰ ਕਾਬੂ ਕਰਕੇ ਇਲਾਜ ਲਈ ਹਸਪਤਾਲ ਭੇਜ ਦਿੱਤਾ।
ਪੁਲਿਸ ਦੇ ਮੁਤਾਬਕ ਗ੍ਰਿਫ਼ਤਾਰ ਕੀਤਾ ਗਿਆ ਮੁਲਜ਼ਮ ਇੱਕ ਗੈਂਗਸਟਰ ਗਿਰੋਹ ਨਾਲ ਜੁੜਿਆ ਹੋਇਆ ਦੱਸਿਆ ਜਾ ਰਿਹਾ ਹੈ। ਸ਼ੁਰੂਆਤੀ ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਉਹ ਪਿਛਲੇ ਕੁਝ ਦਿਨਾਂ ਤੋਂ ਡਾਕਟਰਾਂ ਨੂੰ ਫੋਨ ਕਰਕੇ ਕਥਿਤ ਤੌਰ ‘ਤੇ ਰੰਗਦਾਰੀ ਦੀ ਮੰਗ ਕਰ ਰਿਹਾ ਸੀ।
ਫਿਲਹਾਲ ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ। ਉਸ ਤੋਂ ਪੁੱਛਗਿੱਛ ਜਾਰੀ ਹੈ ਅਤੇ ਉਸ ਦੇ ਹੋਰ ਸਾਥੀਆਂ ਤੇ ਗੈਂਗ ਨਾਲ ਜੁੜੇ ਨੈੱਟਵਰਕ ਬਾਰੇ ਵੀ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ।

Related