ਜਲੰਧਰਵਿੱਕੀ ਸੂਰੀ) : ਨਕੋਦਰ ਰੋਡ ‘ਤੇ ਪਿੰਡ ਜੱਲੋਵਾਲ ਨੇੜੇ ਕਾਲਾ ਸੰਘਿਆਂ ਵਿਖੇ ਸ਼ਾਮਲਾਟ ਜ਼ਮੀਨ ‘ਚ ਕੁਲਦੀਪ ਸਿੰਘ ਨਾਂ ਦੇ ਕਿਸਾਨ ਵੱਲੋਂ ਝੋਨੇ ਦੀ ਪਰਾਲੀ ਦੀਆਂ ਜਮਾਂ ਕੀਤੀਆਂ ਲਗਭਗ ਪੰਜ ਤੋਂ ਛੇ ਹਜ਼ਾਰ ਗੱਠਾਂ ਨੂੰ ਅਚਾਨਕ ਅੱਗ ਲੱਗਣ ਦਾਸਮਾਚਾਰ ਪ੍ਰਾਪਤ ਹੋਇਆ ਹੈ। ਇਸ ਬਾਰੇ ਜਾਣਕਾਰੀ ਮੁਤਾਬਕ ਕੁਲਦੀਪ ਸਿੰਘ ਨੇ ਪਰਾਲੀ ਫੈਕਟਰੀ ਨੂੰ ਵੇਚਣ ਲਈ ਇਕੱਠੀ ਕੀਤੀ ਹੋਈ ਸੀ।

    ਮੌਕੇ ‘ਤੇ ਪਹੁੰਚੇ ਸਰਪੰਚ ਮਨਿੰਦਰਪਾਲ ਸਿੰਘ ਮੰਨਾ ਨੇ ਪੁਲਿਸ ਤੇ ਫਾਇਰ ਬ੍ਰਿਗੇਡ ਨੂੰ ਜਾਣਕਾਰੀ ਦਿੱਤੀ। ਅੱਗ ਲੱਗਣ ਦੀ ਜਾਣਕਾਰੀ ਮਿਲਣ ‘ਤੇ ਸਥਾਨਕ ਪੁਲਿਸ ਚੌਂਕੀ ਦੇ ਇੰਚਾਰਜ ਸਬ ਇੰਸਪੈਕਟਰ ਬਲਜਿੰਦਰ ਸਿੰਘ ਭਲਵਾਨ, ਏ. ਐਸ. ਆਈ. ਠਾਕੁਰ ਸਿੰਘ, ਏ. ਐਸ. ਆਈ. ਬਲਦੇਵ ਸਿੰਘ, ਏ. ਐਸ. ਆਈ. ਸੁਖਵਿੰਦਰ ਸਿੰਘ ਤੇ ਹੋਰ ਪੁਲਸ ਮੁਲਾਜ਼ਮ ਮੌਕੇ ‘ਤੇ ਪਹੁੰਚੇ ਤੇ ਘਟਨਾ ਵਾਲੀ ਥਾਂ ਦੇ ਬਿਲਕੁਲ ਨੇੜੇ ਰਹਿੰਦੇ ਗੁੱਜਰ ਭਾਈਚਾਰੇ ਦੇ ਪਰਿਵਾਰਾਂ ਤੇ ਪਸ਼ੂਆਂ ਨੂੰ ਤੁਰੰਤ ਇਕੱਤਰ ਲੋਕਾਂ ਦੀ ਮੱਦਦ ਨਾਲ ਸੁਰੱਖਿਅਤ ਸਥਾਨ ‘ਤੇ ਲਿਜਾਇਆ ਗਿਆ।

    ਜਲੰਧਰ, ਨਕੋਦਰ ਤੇ ਸ਼ਾਹਕੋਟ ਤੋਂ ਚਾਰ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ‘ਤੇ ਪਹੁੰਚੀਆਂ ਪਰ ਅੱਗ ‘ਤੇ ਕਾਬੂ ਪਾਇਆ ਨਹੀਂ ਜਾ ਸਕਿਆ ਸੀ। ਜ਼ਿਕਰਯੋਗ ਹੈ ਕਿ ਅੱਗ ਲੱਗੇ ਪਰਾਲੀ ਦੇ ਢੇਰ ਨੇੜੇ ਹੋਰ ਵੀ ਪਰਾਲੀ ਦੇ ਢੇਰ ਗੁੱਜਰਾਂ ਵੱਲੋਂ ਆਪਣੇ ਪਸ਼ੂਆਂ ਲਈ ਰੱਖੇ ਹੋਣ ਤੋਂ ਇਲਾਵਾ ਨੇੜੇ ਇਕ ਕੋਲਡ ਸਟੋਰ ਵੀ ਮੌਜੂਦ ਹੈ। ਦਿਨ ਹੋਣ ਕਾਰਨ ਜਾਨੀ ਨੁਕਸਾਨ ਹੋਣ ਤੋ ਬਚਾਅ ਰਿਹਾ।

    ਕਿਸਾਨ ਕੁਲਦੀਪ ਸਿੰਘ ਦਾ ਲਗਭਗ 12 ਲੱਖ ਦਾ ਨੁਕਸਾਨ ਹੋਇਆ ਦੱਸਿਆ ਜਾ ਰਿਹਾ ਹੈ। ਫਿਲਹਾਲ ਅੱਗ ਲੱਗਣ ਦਾ ਕਾਰਨ ਸਪੱਸ਼ਟ ਨਹੀ ਹੋਇਆ ਪਰ ਲੋਕਾਂ ਵੱਲੋਂ ਕਿਆਸ ਲਗਾਇਆਂ ਜਾ ਰਿਹਾ ਹੈ ਕਿ ਪਰਾਲੀ ‘ਚ ਨਮੀ ਹੋਣ ਕਾਰਨ ਬਣੀ ਗੈਸ ਕਾਰਨ ਅੱਗ ਲੱਗੀ ਹੋ ਸਕਦੀ ਹੈ।