ਯੂਨੀਵਰਸਿਟੀ ਆਫ਼ ਵਿਨੀਪੈਗ (ਕੈਨੇਡਾ) ’ਚ ਕਰਿਮੀਨਲ ਜਸਟਿਸ ਵਿਚ ਬੈਚਲਰ ਆਫ਼ ਆਰਟਸ ਦੀ ਪੜ੍ਹਾਈ ਕਰ ਰਹੇ ਅਤੇ ਮਨੋਰੰਜਨ ਤੇ ਅਥਲੈਟਿਕਸ ਦੇ ਡਾਇਰੈਕਟਰ ਲਹਿਰਾਗਾਗਾ ਦੇ ਗੁਰਦਰਸ਼ਨ ਸਿੰਘ (ਮੱਖਣ) ਅਤੇ ਪਰਮਿੰਦਰ ਕੌਰ ਦੇ ਪੁੱਤਰ ਜਸ਼ਨਪ੍ਰੀਤ ਸਿੰਘ (ਭਰੀ) ਨੇ ਯੂਨੀਵਰਸਿਟੀ ਵਿਖੇ ਹੋਈਆਂ ਯੂਨੀਵਰਸਿਟੀ ਆਫ਼ ਵਿਨੀਪੈਗ ਸਟੂਡੈਂਟਸ ਐਸੋਸੀਏਸ਼ਨ (ਯੂਵਸਾ) ਦੀਆਂ ਚੋਣਾਂ ਵਿਚ ਅਪਣੇ ਵਿਰੋਧੀਆਂ ਨੂੰ ਹਰਾ ਕੇ ਪ੍ਰਧਾਨਗੀ ਦੀ ਚੋਣ ਜਿੱਤ ਕੇ ਪੰਜਾਬ ਅਤੇ ਲਹਿਰਾਗਾਗਾ ਹਲਕੇ ਦਾ ਨਾਂ ਪੂਰੀ ਦੁਨੀਆਂ ਵਿਚ ਰੋਸ਼ਨ ਕੀਤਾ ਹੈ। ਜਸ਼ਨਪ੍ਰੀਤ ਦੀ ਜਿੱਤ ਨੂੰ ਲੈ ਕੇ ਉਸ ਦੇ ਮਾਤਾ ਪਿਤਾ ਨੂੰ ਮੁਬਾਰਕਬਾਦ ਦੇਣ ਵਾਲਿਆਂ ਦਾ ਤਾਂਤਾ ਲਗਿਆ ਹੈਇਆ ਹੈ।ਕੈਨੇਡਾ ਵਿਖੇ ਵਿਦਿਆਰਥੀ ਚੋਣਾਂ ਵਿਚ ਪ੍ਰਧਾਨ ਦੀ ਚੋਣ ਜਿੱਤਣ ਵਾਲੇ ਜਸ਼ਨਪ੍ਰੀਤ ਸਿੰਘ (ਭਰੀ) ਦਾ ਕਹਿਣਾ ਹੈ ਕਿ ਚੋਣਾਂ ਦੌਰਾਨ ਉਨ੍ਹਾਂ ਨੂੰ ਪੰਜਾਬ ਦੇ ਨਾਲ-ਨਾਲ ਹੋਰ ਦੇਸ਼ਾਂ ਦੇ ਵਿਦਿਆਰਥੀਆਂ ਦਾ ਪੂਰਨ ਸਹਿਯੋਗ ਮਿਲਿਆ ਹੈ, ਜਿਸ ਦੇ ਚਲਦਿਆਂ ਉਹ ਅਪਣੇ ਚਾਰ ਵਿਰੋਧੀਆਂ ਨੂੰ ਪਛਾੜਦੇ ਹੋਏ 32.2 ਫ਼ੀ ਸਦੀ ਵੋਟਾਂ ਹਾਸਲ ਕਰ ਕੇ ਪ੍ਰਧਾਨ ਦੀ ਚੋਣ ਜਿੱਤਣ ਵਿਚ ਸਫ਼ਲ ਹੋਏ ਹਨ।
ਉਨ੍ਹਾਂ ਕਿਹਾ ਕਿ ਉਹ ਬਤੌਰ ਪ੍ਰਧਾਨ ਵਿਦਿਆਰਥੀਆਂ ਦੇ ਭਵਿੱਖ ਅਤੇ ਹਿਤਾਂ ਦੀ ਰਾਖੀ ਲਈ ਜੋ ਵੀ ਸੰਭਵ ਹੋਇਆ, ਉਹ ਕਰਨਗੇ। ਉਨ੍ਹਾਂ ਕਿਹਾ ਸਮੁੱਚੇ ਪੰਜਾਬ ਖ਼ਾਸ ਕਰ ਕੇ ਲਹਿਰਾ ਇਲਾਕੇ ਦੇ ਕੈਨੇਡਾ ਆ ਕੇ ਪੜ੍ਹਾਈ ਕਰਨ ਵਾਲੇ ਵਿਦਿਆਰਥੀਆਂ ਦੀ ਉਨ੍ਹਾਂ ਵਲੋਂ ਹਰ ਸੰਭਵ ਮਦਦ ਕੀਤੀ ਜਾਵੇਗੀ।
ਜਸ਼ਨਪ੍ਰੀਤ ਸਿੰਘ ਦੇ ਚੋਣ ਦੀ ਖ਼ਬਰ ਮਿਲਣ ਉਪਰੰਤ ਸ਼ਹਿਰ ਨਿਵਾਸੀਆਂ ਨੇ ਉਨ੍ਹਾਂ ਦੇ ਮਾਤਾ-ਪਿਤਾ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਕੈਨੇਡਾ ਵਿਖੇ ਵਿਦਿਆਰਥੀ ਚੋਣਾਂ ਵਿਚ ਜਿੱਤ ਕੇ ਜਸ਼ਨਪ੍ਰੀਤ, ਸਾਡੇ ਨੌਜਵਾਨਾਂ ਲਈ ਪੇ੍ਰਰਨਾ ਸਰੋਤ ਬਣਿਆ ਹੈ। ਉਨ੍ਹਾਂ ਵਿਦੇਸ਼ ਵਿਚ ਪੜ੍ਹ ਰਹੇ ਸਮੂਹ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਜਸ਼ਨਪ੍ਰੀਤ ਤੋਂ ਪੇ੍ਰਰਨਾ ਲੈਂਦੇ ਹੋਏ ਪੰਜਾਬ, ਅਪਣੇ-ਅਪਣੇ ਸ਼ਹਿਰ ਅਤੇ ਮਾਂ-ਬਾਪ ਦਾ ਨਾਂ ਰੋਸ਼ਨ ਕਰਨ।